ਨਵੀਂ ਦਿੱਲੀ, 9 ਨਵੰਬਰ
ਭਾਰਤ ਅਤੇ ਇਜ਼ਰਾਈਲ ਨੇ ਦੁਵੱਲੇ ਰੱਖਿਆ ਸਬੰਧ ਮਜ਼ਬੂਤ ਕਰਨ ਲਈ ਇੱਕ ਸਮਝੌਤਾ ਸਹੀਬੰਦ ਕੀਤਾ ਹੈ, ਜਿਸ ਤਹਿਤ ਦੋਵੇਂ ਮੁਲਕ ਡਰੋਨ, ਰੋਬੋਟਿਕਸ, ਮਸਨੂਈ ਬੌਧਿਕਤਾ ਅਤੇ ਕੁਆਂਟਮ ਕੰਪਿਊਟਿੰਗ ਜਿਹੀਆਂ ਅਗਲੀ ਪੀੜ੍ਹੀ ਦੀਆਂ ਤਕਨਾਲੋਜੀਆਂ ਅਤੇ ਉਤਪਾਦ ਸਾਂਝੇ ਤੌਰ ’ਤੇ ਵਿਕਸਿਤ ਕਰਨਗੇ। ਇਹ ਦੁਵੱਲਾ ਨਵੀਨੀਕਰਨ ਸਮਝੌਤਾ (ਬੀਆਈਏ) ਭਾਰਤ ਦੀ ਡੀਆਰਡੀਓ (ਰੱਖਿਆ ਖੋਜ ਅਤੇ ਵਿਕਾਸ ਸੰਗਠਨ) ਅਤੇ ਇਜ਼ਰਾਈਲ ਦੀ ਸੰਸਥਾ ਡੀਡੀਆਰ ਐਂਡ ਡੀ (ਰੱਖਿਆ ਖੋਜ ਅਤੇ ਵਿਕਾਸ ਬਾਰੇ ਡਾਇਰੈਕਟੋਰੇਟ) ਵਿਚਕਾਰ ਹੋਇਆ ਹੈ। ਇਸ ਮੌਕੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਸਮਝੌਤੇ ਤਹਿਤ ਨਵੀਆਂ ਸਨਅਤਾਂ ਅਤੇ ਛੋਟੇ, ਦਰਮਿਆਨੇ ਅਤੇ ਵੱਡੇ ਉਦਮਾਂ ਸਬੰਧੀ ਮੰਤਰਾਲੇ ਨੂੰ ਦੁਵੱਲੀ ਵਰਤੋਂ ਤਕਨਾਲੋਜੀ ਵਿਕਸਿਤ ਕਰਨ ’ਚ ਨਵੀਨੀਕਰਨ ਤੇ ਖੋਜ ਤੇ ਵਿਕਾਸ ਨੂੰ ਹੱਲਾਸ਼ੇਰੀ ਦਿੱਤੀ ਜਾ ਸਕੇਗੀ। ਇਸ ਸਮਝੌਤੇ ’ਤੇ ਡੀਆਰਡੀਓ ਦੇ ਚੇਅਰਮੈਨ ਜੀ ਸਤੀਸ਼ ਰੈੱਡੀ ਅਤੇ ਡੀਡੀਆਰ ਐਂਡ ਡੀ ਦੇ ਮੁਖੀ ਡੇਨੀਅਲ ਗੋਲਡ ਨੇ ਦਸਤਖ਼ਤ ਕੀਤੇ।