ਹੈਦਰਾਬਾਦ, ਭਾਰਤੀ ਬੈਡਮਿੰਟਨ ਕੋਚ ਪੁਲੇਲਾ ਗੋਪੀਚੰਦ ਨੇ ਕਿਹਾ ਕਿ ਤੇਜ਼ੀ ਨਾਲ ਉਭਰ ਰਹੀਆਂ ਪ੍ਰਤਿਭਾਵਾਂ ਨੂੰ ਸੰਭਾਲਣ ਲਈ ਵਧੇਰੇ ਕੋਚਾਂ ਦੀ ਲੋੜ ਹੈ। ਭਾਰਤ ਬੇਸ਼ੱਕ ਪੀਵੀ ਸਿੰਧੂ ਦੇ ਵਿਸ਼ਵ ਚੈਂਪੀਅਨ ਬਣਨ ਦਾ ਜਸ਼ਨ ਮਨਾ ਰਿਹਾ ਹੈ, ਪਰ ਗੋਪੀਚੰਦ ਦਾ ਮੰਨਣਾ ਹੈ ਕਿ ਭਵਿੱਖ ਸਬੰਧੀ ਚਿੰਤਾ ਕਰਨੀ ਚਾਹੀਦੀ ਹੈ ਕਿਉਂਕਿ ਦੇਸ਼ ਨੇ ‘ਕੋਚਾਂ ’ਤੇ ਲੋੜੀਂਦਾ ਨਿਵੇਸ਼’ ਨਹੀਂ ਕੀਤਾ।
ਓਲੰਪਿਕ ਤਗ਼ਮਾ ਜੇਤੂ ਪੀਵੀ ਸਿੰਧੂ ਬੈਡਮਿੰਟਨ ਵਿੱਚ ਭਾਰਤ ਦੀ ਪਹਿਲੀ ਵਿਸ਼ਵ ਚੈਂਪੀਅਨ ਬਣੀ ਹੈ। ਉਸ ਨੇ ਬਾਸੇਲ (ਸਵਿਟਜ਼ਰਲੈਂਡ) ਵਿੱਚ ਵਿਸ਼ਵ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਜਾਪਾਨ ਦੀ ਨੋਜ਼ੋਮੀ ਓਕੂਹਾਰਾ ਨੂੰ ਸਿੱਧੇ ਸੈੱਟਾਂ ਵਿੱਚ 21-7, 21-7 ਨਾਲ ਹਰਾਇਆ।
ਗੋਪੀਚੰਦ ਨੇ ਕਿਹਾ ਕਿ ਦੇਸ਼ ਨੂੰ ਇਹ ਹਕੀਕਤ ਸਵੀਕਾਰਨੀ ਹੋਵੇਗੀ ਕਿ ਤੇਜ਼ੀ ਨਾਲ ਸਾਹਮਣੇ ਆ ਰਹੇ ਹੁਨਰ ਨੂੰ ਸੰਭਾਲਣ ਲਈ ਲੋੜੀਂਦੇ ਕੋਚ ਨਹੀਂ ਹਨ। ਗੋਪੀਚੰਦ ਨੇ ਮੰਗਲਵਾਰ ਰਾਤ ਨੂੰ ਇੱਥੇ ਸਿੰਧੂ ਦੀ ਮੌਜੂਦਗੀ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ, ‘‘ਅਸੀਂ ਕੋਚਾਂ ’ਤੇ ਲੋੜੀਂਦਾ ਨਿਵੇਸ਼ ਨਹੀਂ ਕੀਤਾ।’’
ਦਰੋਣਾਚਾਰੀਆ ਪੁਰਸਕਾਰ ਜੇਤੂ ਗੋਪੀਚੰਦ ਨੂੰ ਸਿੰਧੂ ਹੀ ਨਹੀਂ, ਸਗੋਂ ਸਾਇਨਾ ਨੇਹਵਾਲ ਅਤੇ ਕਿਦਾਂਬੀ ਸ੍ਰੀਕਾਂਤ ਸਣੇ ਹੋਰ ਖਿਡਾਰੀਆਂ ਨੂੰ ਤਰਾਸ਼ਣ ਦਾ ਸਿਹਰਾ ਵੀ ਜਾਂਦਾ ਹੈ।