ਭੁਵਨੇਸ਼ਵਰ, 12 ਅਕਤੂਬਰ
ਅਗਲੇ ਮਹੀਨੇ ਇੱਥੇ ਹੋਣ ਵਾਲੇ ਵਿਸ਼ਵ ਕੱਪ ਤੋਂ ਪਹਿਲਾਂ ਭਾਰਤੀ ਹਾਕੀ ਟੀਮ ਨੂੰ ਤਕੜਾ ਝਟਕਾ ਲੱਗਿਆ ਹੈ, ਕਿਉਂਕਿ ਗੋਡੇ ਦੀ ਸੱਟ ਕਾਰਨ ਮਾਹਿਰ ਸਟਰਾਈਕਰ ਐਸਵੀ ਸੁਨੀਲ ਦਾ ਟੂਰਨਾਮੈਂਟ ਵਿੱਚ ਖੇਡਣਾ ਸ਼ੱਕੀ ਹੈ। ਸੁਨੀਲ ਨੂੰ ਇਸ ਮਹੀਨੇ ਦੇ ਅਖ਼ੀਰ ਵਿੱਚ ਓਮਾਨ ਵਿੱਚ ਹੋਣ ਵਾਲੀ ਏਸ਼ਿਆਈ ਚੈਂਪੀਅਨਜ਼ ਟਰਾਫੀ ਦੀਆਂ ਤਿਆਰੀਆਂ ਲਈ ਇੱਥੇ ਚੱਲ ਰਹੇ ਅਭਿਆਸ ਕੈਂਪ ਦੌਰਾਨ ਪਿਛਲੇ ਹਫ਼ਤੇ ਸੱਟ ਲੱਗੀ ਸੀ। ਵਿਸ਼ਵ ਕੱਪ ਤੋਂ ਪਹਿਲਾਂ ਕਲਿੰਗਾ ਸਟੇਡੀਅਮ ਦੇ ਉਦਘਾਟਨ ਸਮਾਰੋਹ ਅਤੇ ਧਨਰਾਜ ਪਿੱਲੈ ਅਤੇ ਦਿਲੀਪ ਟਿਰਕੀ ਦੀਆਂ ਟੀਮਾਂ ਵਿਚਾਲੇ ਪ੍ਰਦਰਸ਼ਨੀ ਮੈਚ ਵਿੱਚ ਸੁਨੀਲ ਫਹੁੜੀਆਂ ਦੇ ਸਹਾਰੇ ਚੱਲ ਰਿਹਾ ਸੀ, ਹਾਲਾਂਕਿ ਉਹ ਪੂਰੇ ਪ੍ਰੋਗਰਾਮ ਦੌਰਾਨ ਸਟੇਡੀਅਮ ਵਿੱਚ ਮੌਜੂਦ ਸੀ। ਸੁਨੀਲ ਨੇ ਕਿਹਾ, ‘‘ਮੇਰੇ ਅਭਿਆਸ ਦੌਰਾਨ ਸੱਟ ਲੱਗੀ। ਪਹਿਲਾਂ ਕਾਫੀ ਸੋਜ ਆ ਗਈ ਸੀ।’’ ਉਹ ਸਫ਼ਦਰਜੰਗ ਸਪੋਰਟਸ ਇੰਜੁਰੀ ਸੈਂਟਰ ਵਿੱਚ ਅੱਜ ਹਾਕੀ ਇੰਡੀਆ ਦੇ ਡਾਕਟਰ ਬੀਕੇ ਨਾਇਕ ਤੋਂ ਸਲਾਹ ਲੈਣ ਦਿੱਲੀ ਆਇਆ ਹੈ। ਇਸ ਤੋਂ ਬਾਅਦ ਹੀ ਪਤਾ ਚੱਲ ਸਕੇਗਾ ਕਿ ਉਹ 28 ਨਵੰਬਰ ਤੋਂ ਸ਼ੁਰੂ ਹੋ ਰਿਹਾ ਵਿਸ਼ਵ ਕੱਪ ਖੇਡਣ ਦੀ ਸਥਿਤੀ ਵਿੱਚ ਹੈ ਜਾਂ ਨਹੀਂ। ਸੁਨੀਲ ਨੂੰ ਹਾਲਾਂਕਿ ਉਮੀਦ ਹੈ ਕਿ ਉਹ ਭਾਰਤ ਵਿੱਚ ਦੂਜੀ ਵਾਰ ਹੋ ਰਹੇ ਹਾਕੀ ਦੇ ਇਸ ਮਹਾਂਕੁੰਭ ਵਿੱਚ ਹਿੱਸਾ ਲਵੇਗਾ।