ਬੰਗਲੁਰੂ:ਓਲੰਪਿਕ ਚੈਂਪੀਅਨ ਅਰਜਨਟੀਨਾ ਖ਼ਿਲਾਫ਼ ਹਾਲ ਹੀ ਵਿੱਚ ਭਾਰਤੀ ਟੀਮ ਦੇ ਪ੍ਰਦਰਸ਼ਨ ਨੂੰ ਦੇਖਦਿਆਂ ਭਾਰਤੀ ਹਾਕੀ ਖਿਡਾਰੀ ਸ਼ਿਲਾਨੰਦ ਲਕੜਾ ਦਾ ਕਹਿਣਾ ਹੈ ਕਿ ਆਗਾਮੀ ਟੋਕੀਓ ਓਲੰਪਿਕ ਲਈ ਉਨ੍ਹਾਂ ਦੀ ਤਿਆਰੀ ਠੀਕ ਚੱਲ ਰਹੀ ਹੈ। ਭਾਰਤੀ ਟੀਮ ਨੇ ਐੱਫਆਈਐੱਚ ਪ੍ਰੋ ਲੀਗ ਦੇ ਦੋਵੇਂ ਮੈਚਾਂ ’ਚ ਅਰਜਨਟੀਨਾ ਨੂੰ ਹਰਾਉਣ ਤੋਂ ਇਲਾਵਾ ਚਾਰ ਅਭਿਆਸ ਮੈਚਾਂ ’ਚੋਂ ਦੋ ਜਿੱਤੇ ਸਨ। ਸ਼ਿਲਾਨੰਦ ਨੇ ਕਿਹਾ, ‘‘ਮੈਨੂੰ ਲੱਗਦਾ ਹੈ ਕਿ ਅਸੀਂ ਅਰਜਨਟੀਨਾ ਖ਼ਿਲਾਫ਼ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਾਡੇ ਮੌਜੂਦਾ ਪ੍ਰਦਰਸ਼ਨ ਤੋਂ ਪਤਾ ਲੱਗਦਾ ਹੈ ਕਿ ਅਸੀਂ ਓਲੰਪਿਕ ਲਈ ਸਹੀ ਦਿਸ਼ਾ ’ਚ ਅੱਗੇ ਵਧ ਰਹੇ ਹਾਂ। ਹਾਲਾਂਕਿ ਅਜੇ ਸਾਡਾ ਧਿਆਨ ਅਗਲੇ ਮਹੀਨੇ ਬਰਤਾਨੀਆ ਖ਼ਿਲਾਫ਼ ਹੋਣ ਵਾਲੇ ਮੁਕਾਬਲੇ ’ਤੇ ਹੈ।’’