ਬੰਗਲੂਰੂ, 20 ਸਤੰਬਰ
ਭਾਰਤ ਦੀ ਪੁਰਸ਼ ਹਾਕੀ ਟੀਮ 23 ਸਤੰਬਰ ਤੋਂ ਸ਼ੁਰੂ ਹੋ ਰਹੀਆਂ ਏਸ਼ਿਆਈ ਖੇਡਾਂ ਵਿੱਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਣ ਦੇ ਉਦੇਸ਼ ਨਾਲ ਹਾਂਗਜ਼ੂ ਪਹੁੰਚ ਗਈ ਹੈ। ਭਾਰਤ 24 ਸਤੰਬਰ ਨੂੰ ਉਜ਼ਬੇਕਿਸਤਾਨ ਖ਼ਿਲਾਫ਼ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗਾ। ਭਾਰਤ ਨੂੰ ਪਾਕਿਸਤਾਨ, ਜਾਪਾਨ, ਬੰਗਲਾਦੇਸ਼, ਸਿੰਗਾਪੁਰ ਅਤੇ ਉਜ਼ਬੇਕਿਸਤਾਨ ਦੇ ਨਾਲ ਪੂਲ-ਏ ਵਿੱਚ ਰੱਖਿਆ ਗਿਆ ਹੈ। ਪੂਲ-ਬੀ ਵਿੱਚ ਕੋਰੀਆ, ਮਲੇਸ਼ੀਆ, ਚੀਨ, ਓਮਾਨ, ਥਾਈਲੈਂਡ ਅਤੇ ਇੰਡੋਨੇਸ਼ੀਆ ਸ਼ਾਮਲ ਹਨ। ਹਰ ਪੂਲ ’ਚੋਂ ਸਿਖਰਲੀਆਂ ਦੀਆਂ ਦੋ ਟੀਮਾਂ ਸੈਮੀਫਾਈਨਲ ਵਿੱਚ ਥਾਂ ਬਣਾਉਣਗੀਆਂ। ਹਰਮਨਪ੍ਰੀਤ ਸਿੰਘ ਇੱਕ ਵਾਰ ਫਿਰ ਟੀਮ ਦੀ ਅਗਵਾਈ ਕਰੇਗਾ ਜਦਕਿ ਹਾਰਦਿਕ ਸਿੰਘ ਉਪ ਕਪਤਾਨ ਦੀ ਭੂਮਿਕਾ ਨਿਭਾਏਗਾ। ਟੀਮ ਦੇ ਰਵਾਨਾ ਹੋਣ ਤੋਂ ਪਹਿਲਾਂ ਹਰਮਨਪ੍ਰੀਤ ਨੇ ਕਿਹਾ, “ਟੀਮ ਨੇ ਏਸ਼ਿਆਈ ਖੇਡਾਂ ਲਈ ਸਖ਼ਤ ਮਿਹਨਤ ਕੀਤੀ ਹੈ। ਅਸੀਂ ਚੇਨੱਈ ਵਿੱਚ ਹਾਲ ਹੀ ਵਿੱਚ ਹੋਈ ਏਸ਼ੀਅਨ ਚੈਂਪੀਅਨਜ਼ ਟਰਾਫੀ ਵਿੱਚ ਵੀ ਚੰਗਾ ਪ੍ਰਦਰਸ਼ਨ ਕੀਤਾ ਸੀ। ਅਸੀਂ ਇਹ ਪ੍ਰਦਰਸ਼ਨ ਬਰਕਰਾਰ ਰੱਖਣਾ ਚਾਹਾਂਗੇ।’’ ਟੀਮ ਵਿੱਚ ਗੋਲਕੀਪਰ ਪੀਆਰ ਸ੍ਰੀਜੇਸ਼ ਅਤੇ ਕ੍ਰਿਸ਼ਨਾ ਪਾਠਕ ਸ਼ਾਮਲ ਹਨ। ਵਰੁਣ ਕੁਮਾਰ, ਅਮਿਤ ਰੋਹੀਦਾਸ, ਜਰਮਨਪ੍ਰੀਤ ਸਿੰਘ, ਹਰਮਨਪ੍ਰੀਤ ਸਿੰਘ ਅਤੇ ਸੰਜੈ ਡਿਫੈਂਸ ਲਾਈਨ ਦੀ ਜ਼ਿੰਮੇਵਾਰੀ ਸੰਭਾਲਣਗੇ। ਮਿਡਫੀਲਡ ਵਿੱਚ ਨੀਲਕਾਂਤ ਸ਼ਰਮਾ, ਹਾਰਦਿਕ ਸਿੰਘ, ਮਨਪ੍ਰੀਤ ਸਿੰਘ, ਵਿਵੇਕ ਸਾਗਰ ਪ੍ਰਸਾਦ, ਸੁਮਿਤ ਅਤੇ ਸ਼ਮਸ਼ੇਰ ਸਿੰਘ ਜਦਕਿ ਫਰੰਟ ਲਾਈਨ ਵਿੱਚ ਅਭਿਸ਼ੇਕ, ਗੁਰਜੰਟ ਸਿੰਘ, ਮਨਦੀਪ ਸਿੰਘ, ਸੁਖਜੀਤ ਸਿੰਘ ਅਤੇ ਲਲਿਤ ਕੁਮਾਰ ਉਪਾਧਿਆਏ ਸ਼ਾਮਲ ਹਨ।