ਵੈਨਕੂਵਰ, 26 ਦਸੰਬਰ
ਕੈਨੇਡਾ ’ਚ ਭਾਰਤੀ ਕਰਿਆਨਾ ਸਟੋਰ ਮਾਲਕ ਵੀ ਕਿਸਾਨ ਸੰਘਰਸ਼ ’ਚ ਸ਼ਾਮਲ ਹੋ ਗਏ ਹਨ ਤੇ ਉਹ ਅੰਬਾਨੀ, ਅਡਾਨੀ ਤੇ ਰਾਮਦੇਵ ਦਾ ਪਤਾਂਜਲੀ ਮਾਰਕਾ ਸਾਮਾਨ ਸਟੋਰਾਂ ਵਿਚੋਂ ਕੱਢਣ ਲੱਗ ਪਏ ਹਨ। ਭਾਰਤੀ ਲੋਕਾਂ ਦੀ ਵਸੋਂ ਵਾਲੇ ਕਈ ਸ਼ਹਿਰਾਂ ਵਿਚ ਫਰੂਟੀਕਾਨਾ ਨਾਂ ਹੇਠ ਰਸੋਈ ਦਾ ਸਾਮਾਨ ਤੇ ਹੋਰ ਭਾਰਤੀ ਸਾਮਾਨ ਦੇ ਸਟੋਰਾਂ ਦੇ ਚੇਨ ਚਲਾ ਰਹੇ ਟੋਨੀ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਕਾਰੋਬਾਰ ਦਾ ਤਾਂ ਸਮੁੱਚਾ ਢਾਂਚਾ ਹੀ ਕਿਸਾਨੀ ’ਤੇ ਖੜ੍ਹਾ ਹੈ, ਇਸ ਲਈ ਉਹ ਭਾਰਤੀ ਕਿਸਾਨਾਂ ਤੋਂ ਬਾਹਰ ਜਾਣ ਬਾਰੇ ਸੋਚ ਵੀ ਨਹੀਂ ਸਕਦੇ।
ਟੋਨੀ ਸਿੰਘ ਨੇ ਬੀਤੇ ਦਿਨ ਦੱਸਿਆ ਸੀ ਕਿ ਕਈ ਦਿਨ ਪਹਿਲਾਂ ਭਾਰਤ ਤੋਂ ਆਉਂਦੇ ਅੰਬਾਨੀ ਤੇ ਅਡਾਨੀ ਦੀਆਂ ਫੈਕਟਰੀਆਂ ਦਾ ਸਾਮਾਨ ਵੇਚਣਾ ਬੰਦ ਕਰ ਦਿੱਤਾ ਸੀ ਤੇ ਕੱਲ੍ਹ ਤੋਂ ਰਾਮਦੇਵ ਦਾ ਪਤਾਂਜਲੀ ਮਾਰਕਾ ਸਾਮਾਨ ਵੀ ਸਟੋਰਾਂ ਵਿਚੋਂ ਕਢਵਾ ਦਿੱਤਾ ਹੈ। ਅੱਜ ਭਾਰਤੀ ਸਾਮਾਨ ਵੇਚਦੇ ਹੋਰ ਸਟੋਰਾਂ ’ਤੇ ਜਾ ਕੇ ਵੇਖਿਆ ਤਾਂ ਉਕਤ ਮਾਰਕੇ ਵਾਲੇ ਉਤਪਾਦ ਉਥੋਂ ਵੀ ਗਾਇਬ ਸਨ। ਕਰਿਆਨਾ ਸਟੋਰਾਂ ਦੇ ਬਾਹਰ ਚਲਦੀਆਂ ਸਲਾਈਡਾਂ ’ਤੇ ਵੀ ਕਿਸਾਨੀ ਹਮਾਇਤ ਵਾਲੇ ਨਾਅਰੇ ਚਲਦੇ ਵੇਖੇ ਗਏ। ਕੈਨੇਡਾ ਦੇ ਖੇਤੀ ਫਾਰਮਾਂ ਦੇ ਗੇਟਾਂ ’ਤੇ ਵੀ ਭਾਰਤੀ ਕਿਸਾਨਾਂ ਦੀ ਹਮਾਇਤ ਵਿੱਚ ਲਿਖੇ ਬੋਰਡ ਆਮ ਹੀ ਦਿਖਾਈ ਦੇ ਰਹੇ ਹਨ।
ਅੰਦੋਲਨ ਦੌਰਾਨ ਮਾਰੇ ਗਏ ਕਿਸਾਨਾਂ ਦੇ ਪਰਿਵਾਰਾਂ ਲਈ ਡੇਢ ਕਰੋੜ ਰੁਪਏ ਇਕੱਤਰ
ਵੈਨਕੂਵਰ ਦੇ ਇਕ ਰੇਡੀਓ ਅਦਾਰੇ ਵੱਲੋਂ ਕਿਸਾਨ ਅੰਦੋਲਨ ਦੌਰਾਨ ਮਰਨ ਵਾਲੇ ਪੰਜਾਬੀਆਂ ਦੇ ਪਰਿਵਾਰਾਂ ਦੀ ਵਿੱਤੀ ਮਦਦ ਲਈ ਅੱਜ ਰੇਡੀਓਥਨ ਕਰਵਾਇਆ ਗਿਆ ਜਿਸ ਵਿੱਚ ਹਜ਼ਾਰਾਂ ਲੋਕਾਂ ਨੇ ਆਪਣੀ ਸਮਰੱਥਾ ਅਨੁਸਾਰ ਰਕਮ ਦੇ ਕੇ ਕਰੀਬ ਡੇਢ ਕਰੋੜ ਰੁਪਏ ਇਕੱਠੇ ਕਰ ਲਏ। ਅਜੀਤ ਸਿੰਘ ਅਨੁਸਾਰ ਇਹ ਰਕਮ ਅਗਲੇ ਮਹੀਨੇ ਪੀੜਤ ਪਰਿਵਾਰਾਂ ਵਿੱਚ ਇਕਸਾਰ ਵੰਡੀ ਜਾਵੇਗੀ। ਕੁਝ ਹੋਰ ਰੇਡੀਓ ਮਾਲਕਾਂ ਵੱਲੋਂ ਵੀ ਅਜਿਹੇ ਉਪਰਾਲੇ ਕੀਤੇ ਜਾ ਰਹੇ ਹਨ।