ਮਰਸੀਆ (ਸਪੇਨ), 28 ਜਨਵਰੀ
ਭਾਰਤੀ ਮਹਿਲਾ ਹਾਕੀ ਟੀਮ ਨੂੰ ਸਖ਼ਤ ਚੁਣੌਤੀ ਪੇਸ਼ ਕਰਨ ਦੇ ਬਾਵਜੂਦ ਮੇਜ਼ਬਾਨ ਸਪੇਨ ਹੱਥੋਂ ਇੱਥੇ ਆਪਣੇ ਪਹਿਲੇ ਮੈਚ ਵਿੱਚ 2-3 ਗੋਲਾਂ ਨਾਲ ਹਾਰ ਝੱਲਣੀ ਪਈ। ਉਦਿਤਾ (12ਵੇਂ ਮਿੰਟ) ਅਤੇ ਗੁਰਜੀਤ ਕੌਰ (48ਵੇਂ ਮਿੰਟ) ਨੇ ਭਾਰਤ ਵੱਲੋਂ ਗੋਲ ਦਾਗ਼ੇ, ਜਦਕਿ ਸਪੇਨ ਲਈ ਮਾਰੀਆ ਟੋਸਟ (23ਵੇਂ ਮਿੰਟ), ਲੋਲਾ ਰੇਈਰਾ (39ਵੇਂ ਮਿੰਟ) ਅਤੇ ਬੇਗੋਨਾ ਗਾਰਸੀਆ (40ਵੇਂ ਮਿੰਟ) ਨੇ ਗੋਲ ਕੀਤਾ। ਭਾਰਤ ਨੇ ਹਾਂ-ਪੱਖੀ ਸ਼ੁਰੂਆਤ ਕਰਦਿਆਂ ਪਹਿਲੇ ਕੁਆਰਟਰ ਵਿੱਚ ਹਮਲਾਵਰ ਰਣਨੀਤੀ ਅਪਣਾਈ।
ਭਾਰਤ ਨੂੰ ਅੱਠਵੇਂ ਮਿੰਟ ਵਿੱਚ ਪਹਿਲਾ ਪੈਨਲਟੀ ਕਾਰਨਰ ਮਿਲਿਆ, ਪਰ ਟੀਮ ਇਸ ਨੂੰ ਗੋਲ ਵਿੱਚ ਨਹੀਂ ਬਦਲ ਸਕੀ। ਇਸ ਤੋਂ ਕੁੱਝ ਹੀ ਮਿੰਟ ਮਗਰੋਂ ਹਾਲਾਂਕਿ ਅਗਲੀ ਕਤਾਰ ਨੇ ਸ਼ਾਨਦਾਰ ਮੂਵ ਬਣਾਇਆ ਅਤੇ ਮਾਹਿਰ ਵੰਦਨਾ ਨੇ ਗੇਂਦ ਉਦਿਤਾ ਵੱਲ ਵਧਾਈ, ਜਿਸ ਨੇ 12ਵੇਂ ਮਿੰਟ ਵਿੱਚ ਗੋਲ ਕਰਨ ਵਿੱਚ ਕੋਈ ਗ਼ਲਤੀ ਨਹੀਂ ਕੀਤੀ। ਦੂਜੇ ਕੁਆਰਟਰ ਵਿੱਚ ਮੇਜ਼ਬਾਨ ਟੀਮ ਨੇ ਵਾਪਸੀ ਕੀਤੀ ਅਤੇ ਮਾਰੀਆ ਰਾਹੀਂ ਬਰਾਬਰੀ ਹਾਸਲ ਕਰ ਲਈ। ਤੀਜੇ ਕੁਆਰਟਰ ਵਿੱਚ ਸਪੇਨ ਦੀ ਟੀਮ ਪੂਰੀ ਤਰ੍ਹਾਂ ਭਾਰੂ ਰਹੀ। ਟੀਮ ਨੇ ਇਸ ਦੌਰਾਨ ਰੇਈਰਾ ਅਤੇ ਬੇਗੋਨਾ ਦੀ ਬਦੌਲਤ ਦੋ ਗੋਲ ਦਾਗ਼ ਕੇ 3-1 ਦੀ ਲੀਡ ਬਣਾਈ। ਚੌਥੇ ਕੁਆਰਟਰ ਵਿੱਚ ਭਾਰਤ ਨੇ ਆਪਣੇ ਡਿਫੈਂਸ ਦੀਆਂ ਘਾਟਾਂ ਨੂੰ ਦੂਰ ਕਰਦਿਆਂ ਤਕੜੀ ਟੱਕਰ ਦਿੱਤੀ। ਟੀਮ ਨੂੰ ਇਸ ਦਾ ਫ਼ਾਇਦਾ ਪੈਨਲਟੀ ਕਾਰਨਰ ਵਜੋਂ ਮਿਲਿਆ, ਜਿਸ ਨੂੰ ਡਰੈਗ ਫਿਲਕਰ ਗੁਰਜੀਤ ਨੇ 48ਵੇਂ ਮਿੰਟ ਵਿੱਚ ਗੋਲ ਵਿੱਚ ਬਦਲਿਆ। ਭਾਰਤ ਨੇ ਆਖ਼ਰੀ ਪਲਾਂ ਵਿੱਚ ਬਰਾਬਰੀ ਹਾਸਲ ਕਰਨ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਸਪੇਨ ਦੇ ਮਜ਼ਬੂਤ ਡਿਫੈਂਸ ਨੇ ਮਹਿਮਾਨ ਟੀਮ ਦੀਆਂ ਖਿਡਾਰਨਾਂ ਨੂੰ ਗੋਲ ਤੋਂ ਵਾਂਝਾ ਰੱਖਿਆ।