ਹੀਰੋਸ਼ੀਮਾ, 24 ਜੂਨ
ਕਪਤਾਨ ਰਾਣੀ ਰਾਮਪਾਲ ਦੇ ਗੋਲ ਮਗਰੋਂ ਡਰੈਗ ਫਲਿੱਕਰ ਗੁਰਜੀਤ ਕੌਰ ਦੇ ਦੋ ਗੋਲਾਂ ਦੀ ਬਦੌਲਤ ਭਾਰਤ ਨੇ ਅੱਜ ਇੱਥੇ ਫਾਈਨਲ ਵਿੱਚ ਏਸ਼ਿਆਈ ਚੈਂਪੀਅਨ ਜਾਪਾਨ ਨੂੰ 3-1 ਨਾਲ ਹਰਾ ਕੇ ਮਹਿਲਾ ਐਫਆਈਐਚ ਸੀਰੀਜ਼ ਫਾਈਨਲਜ਼ ਹਾਕੀ ਟੂਰਨਾਮੈਂਟ ਆਪਣੇ ਨਾਮ ਕਰ ਲਿਆ। ਭਾਰਤੀ ਮਹਿਲਾ ਟੀਮ ਨੇ ਹੀਰੋਸ਼ੀਮਾ ਹਾਕੀ ਸਟੇਡੀਅਮ ਵਿੱਚ ਮੇਜ਼ਬਾਨ ਟੀਮ ’ਤੇ ਸ਼ਾਨਦਾਰ ਜਿੱਤ ਦਰਜ ਕੀਤੀ। ਕਪਤਾਨ ਰਾਣੀ ਰਾਮਪਾਲ ਨੇ ਤੀਜੇ ਹੀ ਮਿੰਟ ਵਿੱਚ ਭਾਰਤ ਨੂੰ ਲੀਡ ਦਿਵਾ ਦਿੱਤੀ, ਪਰ ਕਾਨੋਨ ਮੋਰੀ ਨੇ ਜਾਪਾਨ ਲਈ 11ਵੇਂ ਮਿੰਟ ਵਿੱਚ ਗੋਲ ਕਰਕੇ ਬਰਾਬਰੀ ਦਿਵਾਈ। ਇਸ ਮਗਰੋਂ ਡਰੈਗ ਫਲਿੱਕਰ ਗੁਰਜੀਤ ਕੌਰ ਨੇ 45ਵੇਂ ਅਤੇ 60ਵੇਂ ਮਿੰਟ ਵਿੱਚ ਗੋਲ ਕਰਕੇ ਟੀਮ ਦੀ ਜਿੱਤ ਪੱਕੀ ਕੀਤੀ।
ਦੁਨੀਆਂ ਦੀ ਨੌਵੇਂ ਨੰਬਰ ਦੀ ਭਾਰਤੀ ਟੀਮ ਇਸ ਟੂਰਨਾਮੈਂਟ ਦੇ ਫਾਈਨਲ ਵਿੱਚ ਪਹੁੰਚ ਕੇ ਪਹਿਲਾਂ ਹੀ 2020 ਓਲੰਪਿਕ ਕੁਆਲੀਫਾਇਰ ਦੇ ਆਖ਼ਰੀ ਗੇੜ ਲਈ ਕੁਆਲੀਫਾਈ ਕਰ ਚੁੱਕੀ ਹੈ। ਰਾਣੀ ਟੂਰਨਾਮੈਂਟ ਦੀ ਸਰਵੋਤਮ ਖਿਡਾਰੀ ਚੁਣੀ ਗਈ, ਜਦਕਿ ਗੁਰਜੀਤ ਕੌਰ ਸਰਵੋਤਮ ਸਕੋਰਰ ਰਹੀ, ਜਿਸ ਨੇ ਕੁੱਲ 11 ਗੋਲ ਦਾਗ਼ੇ।
ਭਾਰਤੀ ਕਪਤਾਨ ਰਾਣੀ ਨੇ ਜਾਪਾਨੀ ਗੋਲਕੀਪਰ ਅਕੀਓ ਟਨਾਕਾ ਨੂੰ ਸੱਜੇ ਪਾਸਿਓਂ ਚਕਮਾ ਦੇ ਕੇ ਗੋਲ ਦਾਗ਼ਿਆ ਅਤੇ ਆਪਣੀ ਟੀਮ ਨੂੰ ਲੀਡ ਦਿਵਾਈ। ਭਾਰਤ ਨੇ ਦਬਦਬਾ ਕਾਇਮ ਰੱਖਦਿਆਂ ਨੌਵੇਂ ਮਿੰਟ ਵਿੱਚ ਦੂਜਾ ਪੈਨਲਟੀ ਕਾਰਨਰ ਹਾਸਲ ਕੀਤਾ, ਜੋ ਫਾਊਲ ਹੋ ਗਿਆ।
ਜਾਪਾਨ ਦੀ ਟੀਮ ਮੌਕੇ ਨਹੀਂ ਬਣਾ ਪਾ ਰਹੀ ਸੀ ਅਤੇ ਉਹ ਪਹਿਲੇ 15 ਮਿੰਟ ਵਿੱਚ ਸਿਰਫ਼ ਦੋ ਵਾਰ ਹੀ ਭਾਰਤੀ ਸਰਕਲ ਵਿੱਚ ਸੰਨ੍ਹ ਲਾ ਸਕੀ। ਹਾਲਾਂਕਿ ਦੂਜੀ ਵਾਰ ਟੀਮ ਜਦੋਂ ਸਰਕਲ ਦੇ ਅੰਦਰ ਪਹੁੰਚੀ ਤਾਂ ਜਾਪਾਨੀ ਫਾਰਵਰਡ ਨੇ ਪਹਿਲੇ ਸ਼ਾਟ ’ਤੇ ਬਰਾਬਰੀ ਦਾ ਗੋਲ ਦਾਗ਼ ਦਿੱਤਾ। ਕਾਨੋਨ ਮੋਰੀ ਦੇ ਜ਼ਬਰਦਸਤ ਸ਼ਾਟ ਦਾ ਭਾਰਤੀ ਗੋਲਕੀਪਰ ਸਵਿਤਾ ਬਚਾਅ ਨਹੀਂ ਕਰ ਸਕੀ। ਦੂਜੇ ਕੁਆਰਟਰ ਵਿੱਚ ਵੰਦਨਾ ਕਟਾਰੀਆ ਨੇ 18ਵੇਂ ਮਿੰਟ ਵਿੱਚ ਗੋਲ ਕਰਨ ਦਾ ਸ਼ਾਨਦਾਰ ਮੌਕਾ ਗੁਆ ਲਿਆ, ਜਿਸ ਦਾ ਸ਼ਾਟ ਗੋਲ ਪੋਸਟ ਤੋਂ ਬਾਹਰ ਚਲਾ ਗਿਆ। ਜਾਪਾਨ ਨੇ ਲੈਅ ਵਿੱਚ ਆਉਣਾ ਸ਼ੁਰੂ ਕਰ ਦਿੱਤਾ ਅਤੇ ਉਸ ਨੇ ਕਈ ਮੌਕੇ ਵੀ ਬਣਾਏ। ਅੱਗਿਓਂ ਪੂਰੀ ਤਰ੍ਹਾਂ ਮੁਸ਼ਤੈਦ ਭਾਰਤੀ ਟੀਮ ਨੇ ਵਿਰੋਧੀ ਟੀਮ ਦਾ ਕੋਈ ਯਤਨ ਸਫਲ ਨਹੀਂ ਹੋਣ ਦਿੱਤਾ। ਦੋਵੇਂ ਟੀਮਾਂ ਲੀਡ ਬਣਾਉਣ ਦੇ ਚੱਕਰ ਵਿੱਚ ਇੱਕ-ਦੂਜੇ ਨਾਲ ਭਿੜਦੀਆਂ ਰਹੀਆਂ। ਇਸ ਦੌਰਾਨ ਜਾਪਾਨ ਨੇ ਦੋ ਵਾਰ ਭਾਰਤੀ ਡਿਫੈਂਸ ਵਿੱਚ ਸੰਨ੍ਹ ਲਾਈ ਅਤੇ ਦੋ ਸ਼ਾਟ ਮਾਰੇ, ਜਦਕਿ ਭਾਰਤ ਨੇ ਅੱਠ ਵਾਰ ਵਿਰੋਧੀ ਖ਼ੇਮੇ ਨੂੰ ਤੋੜਿਆ ਅਤੇ ਪੰਜ ਸ਼ਾਟ ਜੜੇ।
ਭਾਰਤ ਨੂੰ ਤੀਜੇ ਕੁਆਰਟਰ ਵਿੱਚ ਇੱਕ ਹੋਰ ਪੈਨਲਟੀ ਕਾਰਨਰ ਮਿਲਿਆ। ਡਰੈਗ ਫਲਿੱਕਰ ਗੁਰਜੀਤ ਫਿਰ ਤਾਰਨਹਾਰ ਬਣੀ, ਉਸ ਨੇ ਜਾਪਾਨੀ ਗੋਲ ਪੋਸਟ ਦੇ ਖੱਬੇ ਪਾਸੇ ਤੋਂ ਸ਼ਾਟ ਮਾਰਿਆ ਅਤੇ ਟੀਮ ਨੂੰ 2-1 ਨਾਲ ਲੀਡ ਦਿਵਾਈ। ਚੌਥੇ ਕੁਆਰਟਰ ਵਿੱਚ ਵੀ ਗੋਲ ਕਰਨ ਲਈ ਮੁਸ਼ੱਕਤ ਜਾਰੀ ਰਹੀ ਅਤੇ ਆਖ਼ਰੀ ਮਿੰਟ ਵਿੱਚ ਗੁਰਜੀਤ ਨੇ ਪੈਨਲਟੀ ਕਾਰਨਰ ’ਤੇ ਮੈਚ ਵਿੱਚ ਆਪਣਾ ਦੂਜਾ ਅਤੇ ਟੂਰਨਾਮੈਂਟ ਦਾ ਕੁੱਲ ਗਿਆਰਵਾਂ ਗੋਲ ਦਾਗ਼ ਕੇ ਸਕੋਰ 3-1 ਕਰ ਦਿੱਤਾ ਅਤੇ ਭਾਰਤੀ ਟੀਮ ਦੀ ਝੋਲੀ ਜਿੱਤ ਅਤੇ ਖ਼ਿਤਾਬ ਪਾਇਆ।
ਭਾਰਤੀ ਮਹਿਲਾ ਟੀਮ ਨੇ ਇਸ ਟੂਰਨਾਮੈਂਟ ਵਿੱਚ ਕੋਈ ਮੈਚ ਨਹੀਂ ਹਾਰਿਆ। ਉਸ ਨੇ ਪੂਲ ਮੈਚਾਂ ਦੌਰਾਨ ਯੁਰੂਗੁਏ (4-1), ਪੋਲੈਂਡ (5-0) ਅਤੇ ਫਿਜੀ (11-0) ਨੂੰ ਹਰਾਇਆ,
ਜਦਕਿ ਸੈਮੀ-ਫਾਈਨਲ ਵਿੱਚ 16ਵੇਂ ਨੰਬਰ ਦੀ ਟੀਮ ਚਿੱਲੀ ’ਤੇ 4-2 ਗੋਲਾਂ ਨਾਲ ਜਿੱਤ ਦਰਜ ਕਰਕੇ ਫਾਈਨਲ ਲਈ ਥਾਂ ਬਣਾਈ ਸੀ। ਇਸ ਟੂਰਨਾਮੈਂਟ ਦੇ ਤੀਜੇ ਤੇ ਚੌਥੇ ਸਥਾਨ ਲਈ ਹੋਏ ਮੈਚ ਵਿੱਚ ਚਿੱਲੀ ਨੇ ਸ਼ੂਟ ਆਊਟ ਰਾਹੀਂ ਰੂਸ ਨੂੰ 3-1 ਗੋਲਾਂ ਨਾਲ ਹਰਾ ਦਿੱਤਾ। ਆਖ਼ਰੀ ਪਲਾਂ ਵਿੱਚ 3-3 ਗੋਲਾਂ ਨਾਲ ਬਰਾਬਰ ਰਹਿਣ ਮਗਰੋਂ ਦੋਵਾਂ ਟੀਮਾਂ ਨੂੰ ਸ਼ੂਟ ਆਊਟ ਦਾ ਸਹਾਰਾ ਲੈਣਾ ਪਿਆ।