ਹਾਂਗਜ਼ੂ, 26 ਸਤੰਬਰ
ਤੇਜ਼ ਗੇਂਦਬਾਜ਼ ਟਿਟਾਸ ਸਾਧੂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਭਾਰਤ ਨੇ ਅੱਜ ਇੱਥੇ ਸ੍ਰੀਲੰਕਾ ਨੂੰ 19 ਦੌੜਾਂ ਨਾਲ ਹਰਾ ਕੇ ਏਸ਼ਿਆਈ ਖੇਡਾਂ ਦੇ ਮਹਿਲਾ ਕ੍ਰਿਕਟ ਮੁਕਾਬਲੇ ’ਚ ਸੋਨ ਤਮਗਾ ਜਿੱਤ ਲਿਆ ਹੈ। ਬੱਲੇਬਾਜ਼ੀ ਲਈ ਮੁਸ਼ਕਲ ਪਿੱਚ ’ਤੇ ਭਾਰਤੀ ਮਹਿਲਾ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਤ 20 ਓਵਰਾਂ ਵਿੱਚ ਸੱਤ ਵਿਕਟਾਂ ਦੇ ਨੁਕਸਾਨ ’ਤੇ 116 ਦੌੜਾਂ ਬਣਾਈਆਂ। ਜਵਾਬ ’ਚ ਸ੍ਰੀਲੰਕਾ ਦੀ ਟੀਮ 20 ਅੱਠ ਵਿਕਟਾਂ ਦੇ ਨੁਕਸਾਨ ’ਤੇ 97 ਦੌੜਾਂ ਹੀ ਬਣਾ ਸਕੀ। ਚਾਰ ਦਿਨਾਂ ਬਾਅਦ ਆਪਣਾ 19ਵਾਂ ਜਨਮ ਦਿਨ ਮਨਾਉਣ ਜਾ ਰਹੀ ਸਾਧੂ ਨੇ ਚਾਰ ਓਵਰਾਂ ਵਿੱਚ ਛੇ ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ। ਇਸੇ ਤਰ੍ਹਾਂ ਲੈੱਗ ਸਪਿੰਨਰ ਦੇਵਿਕਾ ਵੈਦਿਆ ਨੇ ਚਾਰ ਓਵਰਾਂ ਵਿੱਚ 15 ਦੌੜਾਂ ਦੇ ਕੇ ਇੱਕ ਵਿਕਟ ਲਈ। ਖੱਬੇ ਹੱਥ ਦੀ ਸਪਿੰਨਰ ਰਾਜੇਸ਼ਵਰੀ ਗਾਇਕਵਾੜ ਅਤੇ ਆਫ ਸਪਿੰਨਰ ਦੀਪਤੀ ਸ਼ਰਮਾ ਨੇ ਖਰਾਬ ਸ਼ੁਰੂਆਤ ਕੀਤੀ ਪਰ ਬਾਅਦ ਵਿੱਚ ਲੈਅ ਹਾਸਲ ਕੀਤੀ। ਭਾਰਤੀ ਟੀਮ ਸ਼ੁਰੂ ਤੋਂ ਹੀ ਸੋਨ ਤਗਮੇ ਲਈ ਮਜ਼ਬੂਤ ਦਾਅਵੇਦਾਰ ਮੰਨੀ ਜਾ ਰਹੀ ਸੀ ਪਰ ਕ੍ਰਿਕਟ ਦਾ ਮਿਆਰ ਅਤੇ ਪਿੱਚ ਦੋਵੇਂ ਹੀ ਖ਼ਰਾਬ ਰਹੇ।

ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਨੇ ਦੀਪਤੀ ਨਾਲ ਗੇਂਦਬਾਜ਼ੀ ਦੀ ਸ਼ੁਰੂਆਤ ਕੀਤੀ ਪਰ ਸ੍ਰੀਲੰਕਾ ਦੀ ਕਪਤਾਨ ਚਾਮਾਰੀ ਅੱਟਾਪੱਟੂ ਨੇ ਆਉਂਦਿਆਂ ਹੀ ਇੱਕ ਛੱਕਾ ਅਤੇ ਇੱਕ ਚੌਕਾ ਜੜ ਦਿੱਤਾ। ਦੂਜੇ ਓਵਰ ’ਚ ਸਾਧੂ ਨੇ ਅਨੁਸ਼ਕਾ ਸੰਜੀਵਨੀ (1) ਨੂੰ ਮਿਡ ਆਫ ’ਤੇ ਹਰਮਨਪ੍ਰੀਤ ਹੱਥੋਂ ਕੈਚ ਕਰਵਾ ਦਿੱਤਾ।