ਵਡੋਦਰਾ, 15 ਅਕਤੂਬਰ
ਸਪਿੰਨਰਾਂ ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਭਾਰਤੀ ਮਹਿਲਾ ਟੀਮ ਨੇ ਘੱਟ ਸਕੋਰ ਵਾਲੇ ਤੀਜੇ ਅਤੇ ਆਖ਼ਰੀ ਇੱਕ ਰੋਜ਼ਾ ਕੌਮਾਂਤਰੀ ਕ੍ਰਿਕਟ ਮੈਚ ਵਿੱਚ ਅੱਜ ਇੱਥੇ ਦੱਖਣੀ ਅਫਰੀਕਾ ਨੂੰ ਛੇ ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ ਵਿੱਚ ਹੂੰਝਾ ਫੇਰ ਦਿੱਤਾ। ਭਾਰਤੀ ਟੀਮ ਪਹਿਲਾਂ ਬੱਲੇਬਾਜ਼ੀ ਕਰਦਿਆਂ 45.5 ਓਵਰਾਂ ਵਿੱਚ 146 ਦੌੜਾਂ ’ਤੇ ਆਊਟ ਹੋ ਗਈ, ਪਰ ਸਪਿੰਨਰਾਂ ਨੇ ਇਸ ਸਕੋਰ ਦਾ ਪੂਰੀ ਤਰ੍ਹਾਂ ਬਚਾਅ ਕੀਤਾ ਅਤੇ ਦੱਖਣੀ ਅਫਰੀਕੀ ਟੀਮ ਨੂੰ 48 ਓਵਰਾਂ ਵਿੱਚ 140 ਦੌੜਾਂ ’ਤੇ ਢੇਰ ਕਰ ਦਿੱਤਾ। ਖੱਬੇ ਹੱਥ ਦੀ ਸਪਿੰਨਰ ਏਕਤਾ ਬਿਸ਼ਟ ਮੈਚ ਦੀ ਸਰਵੋਤਮ ਖਿਡਾਰਨ ਚੁਣੀ ਗਈ, ਜਿਸ ਨੇ 32 ਦੌੜਾਂ ਦੇ ਕੇ ਤਿੰਨ ਵਿਕਟਾਂ ਝਟਕਾਈਆਂ। ਖੱਬੇ ਹੱਥ ਦੀ ਇੱਕ ਹੋਰ ਸਪਿੰਨਰ ਰਾਜੇਸ਼ਵਰੀ ਗਾਇਕਵਾੜ ਨੇ 22 ਦੌੜਾਂ ਦੇ ਕੇ ਦੋ ਅਤੇ ਆਫ ਸਪਿੰਨਰ ਦੀਪਤੀ ਸ਼ਰਮਾ ਨੇ 24 ਦੌੜਾਂ ਦੇ ਕੇ ਦੋ ਵਿਕਟਾਂ ਹਾਸਲ ਕੀਤੀਆਂ। ਹਰਮਨਪ੍ਰੀਤ ਕੌਰ, ਜੈਮਿਮਾ ਰੌਡਰਿਗਜ਼ ਅਤੇ ਮਾਨਸੀ ਜੋਸ਼ੀ ਦੇ ਹੱਥ ਇੱਕ-ਇੱਕ ਵਿਕਟ ਲੱਗੀ।
ਦੱਖਣੀ ਅਫਰੀਕਾ ਦੀਆਂ ਸੱਤ ਖਿਡਾਰਨਾਂ ਦੋਹਰੇ ਅੰਕ ਤੱਕ ਪਹੁੰਚੀਆਂ, ਪਰ ਉਨ੍ਹਾਂ ਵਿੱਚੋਂ ਸਰਵੋਤਮ ਸਕੋਰ ਮਰੀਜ਼ਨ ਕੈਪ (29 ਦੌੜਾਂ) ਨੇ ਬਣਾਇਆ। ਕੈਪ ਨੂੰ ਲੜੀ ਦੀ ਸਰਵੋਤਮ ਖਿਡਾਰਨ ਵੀ ਚੁਣਿਆ ਗਿਆ। ਇਸ ਤੋਂ ਪਹਿਲਾਂ ਭਾਰਤ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਅਤੇ ਦੂਜੇ ਓਵਰ ਤੱਕ ਉਸ ਦੀਆਂ ਦੋਵੇਂ ਸਲਾਮੀ ਬੱਲੇਬਾਜ਼ ਪ੍ਰਿਯਾ ਪੂਨੀਆ (ਸਿਫ਼ਰ) ਅਤੇ ਰੌਡਰਿਗਜ਼ (ਤਿੰਨ ਦੌੜਾਂ) ਆਊਟ ਹੋ ਗਈਆਂ ਸਨ। ਪੂਨਮ ਰਾਵਤ (15 ਦੌੜਾਂ) ਅਤੇ ਕਪਤਾਨ ਮਿਤਾਲੀ ਰਾਜ (11 ਦੌੜਾਂ) ਵੀ ਜ਼ਿਆਦਾ ਸਮਾਂ ਕ੍ਰੀਜ਼ ਡਟਣ ਦੇ ਬਾਵਜੂਦ ਲੰਮੀ ਪਾਰੀ ਨਹੀਂ ਖੇਡ ਸਕੀ। ਭਾਰਤ ਦਾ ਸਕੋਰ 30ਵੇਂ ਓਵਰ ਵਿੱਚ ਛੇ ਵਿਕਟਾਂ ’ਤੇ 71 ਦੌੜਾਂ ਸੀ, ਪਰ ਹਰਮਨਪ੍ਰੀਤ (38 ਦੌੜਾਂ) ਅਤੇ ਸ਼ਿਖਾ ਪਾਂਡੇ (40 ਗੇਂਦਾਂ ’ਤੇ 35 ਦੌੜਾਂ) ਦੇ ਯਤਨਾਂ ਨਾਲ ਟੀਮ 150 ਦੌੜਾਂ ਦੇ ਕਰੀਬ ਪਹੁੰਚ ਸਕੀ। ਹਰਮਨਪ੍ਰੀਤ ਨੇ ਆਪਣੀ 76 ਗੇਂਦਾਂ ਦੀ ਪਾਰੀ ਦੌਰਾਨ ਪੰਜ ਚੌਕੇ ਲਾਏ, ਜਦਕਿ ਸ਼ਿਖਾ ਦੀ ਪਾਰੀ ਵਿੱਚ ਛੇ ਚੌਕੇ ਸ਼ਾਮਲ ਸਨ। ਦੋਵਾਂ ਟੀਮਾਂ ਵਿਚਾਲੇ ਬੀਤੇ ਸਾਲ ਹੋਈ ਤਿੰਨ ਮੈਚਾਂ ਦੀ ਲੜੀ ਭਾਰਤ ਨੇ 2-1 ਨਾਲ ਜਿੱਤੀ ਸੀ, ਜੋ ਮਹਿਲਾ ਇੱਕ ਰੋਜ਼ਾ ਚੈਂਪੀਅਨਸ਼ਿਪ ਦਾ ਹਿੱਸਾ ਨਹੀਂ ਸੀ।