ਨਵੀਂ ਦਿੱਲੀ: ਫਿਲਮ ਅਦਾਕਾਰਾ ਕੰਗਨਾ ਰਣੌਤ ਨੇ ਲੋਕਾਂ ਨੂੰ ਖੇਤਰੀ ਸਿਨੇਮਾ ਨੂੰ ਉਤਸ਼ਾਹਿਤ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਹੌਲੀਵੁੱਡ ਨੇ ਕਈ ਮੁਲਕਾਂ ਦੀਆਂ ਫਿਲਮੀ ਸਨਅਤਾਂ ਨੂੰ ਤਬਾਹ ਕਰ ਦਿੱਤਾ ਹੈ, ਉਸੇ ਤਰ੍ਹਾਂ ਇਹ ਸਾਡੇ ਤੋਂ ਵੀ ਅੱਗੇ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਸ ਨੇ ਕਿਹਾ, ‘ਸਾਨੂੰ ‘ਜੰਗਲ ਬੁੱਕ’ ਜਾਂ ‘ਲਾਇਨ ਕਿੰਗ’ ਦੀਆਂ ਡੱਬ ਕੀਤੀਆਂ ਫਿਲਮਾਂ ਦੇਖਣ ਦੀ ਥਾਂ ਮਲਿਆਲਮ, ਤਾਮਿਲ, ਪੰਜਾਬੀ ਤੇ ਹੋਰ ਖੇਤਰੀ ਭਾਸ਼ਾਵਾਂ ਵਿੱਚ ਬਣ ਰਹੀਆਂ ਫਿਲਮਾਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ। ‘ਆਤਮ ਨਿਰਭਰ ਭਾਰਤ’ ਲਈ ਇਹੀ ਸਾਡਾ ਯੋਗਦਾਨ ਹੋਵੇਗਾ।’ ਅਦਾਕਾਰਾ ਨੇ ਕਿਹਾ ਹੌਲੀਵੁੱਡ ਨੇ ਫਰੈਂਚ, ਜਰਮਨ ਤੇ ਇਟਾਲੀਅਨ ਫਿਲਮ ਸਨਅਤ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਇਹ ਹੁਣ ਭਾਰਤ ਵਿੱਚ ਪੈਰ ਪਸਾਰਨ ਲੱਗਾ ਹੈ ਪਰ ਇਸ ਨੂੰ ਭਾਰਤ ਵਿੱਚ ਵਧਣ ਨਹੀਂ ਦੇਣਾ ਚਾਹੀਦਾ। ਉਹ ਇੱਥੇ ਹਿੰਦੀ, ਤਾਮਿਲ ਅਤੇ ਤੇਲਗੂ ਵਿੱਚ ਰਿਲੀਜ਼ ਹੋਈ ਫਿਲਮ ‘ਥਲਾਇਵੀ’ ਦਾ ਪ੍ਰਚਾਰ ਕਰਨ ਪਹੁੰਚੀ ਸੀ।