ਮੁੰਬਈ:ਇਸ ਸਾਲ ਅਪਰੈਲ ਵਿੱਚ ਅਦਾਕਾਰਾ ਸ਼ੈਫਾਲੀ ਸ਼ਾਹ ਦੇ ਨਿਰਦੇਸ਼ਨ ਹੇਠ ਬਣੀ ਪਹਿਲੀ ਫਿਲਮ ‘ਸਮਡੇਅ’, ਜਰਮਨੀ ਦੇ ਸਟੱਟਗਾਰਟ ਵਿੱਚ ਹੋਣ ਵਾਲੇ 18ਵੇਂ ਭਾਰਤੀ ਫਿਲਮ ਮੇਲੇ ਵਿੱਚ ਦਿਖਾਈ ਜਾਵੇਗੀ। ਸ਼ੈਫਾਲੀ ਨੇ ਕਿਹਾ, ‘ਮੈਂ ਇਹ ਬਿਆਨ ਨਹੀਂ ਕਰ ਸਕਦੀ ਕਿ 18ਵੇਂ ਭਾਰਤੀ ਫਿਲਮ ਸਮਾਰੋਹ ਸਟੱਟਗਾਰਟ ਵਿੱਚ ‘ਸਮਡੇਅ’ ਦੇ ਪ੍ਰਦਰਸ਼ਿਤ ਹੋਣ ਦੀ ਖ਼ਬਰ ਨਾਲ ਮੈਂ ਕਿੰਨੀ ਖੁਸ਼ ਹਾਂ। ਇਸ ਨੇ ਦੁਨੀਆ ਭਰ ਵਿੱਚ ਆਪਣੀ ਪਹੁੰਚ ਬਣਾਈ ਹੈ, ਜੋ ਸਨਮਾਨ ਵਾਲੀ ਗੱਲ ਹੈ।’ ਉਸ ਨੇ ਕਿਹਾ ਕਿ ਦੁਨੀਆ ਭਰ ਦੇ ਫਿਲਮ ਮੇਲਿਆਂ ਵਿੱਚ ‘ਸਮਡੇਅ’ ਨੂੰ ਭੇਜਣ ਦਾ ਫ਼ੈਸਲਾ ਸਚੇਤ ਮਨ ਨਾਲ ਇਹ ਦੇਖਣ ਲਈ ਲਿਆ ਗਿਆ ਸੀ ਕਿ ਨਿਰਦੇਸ਼ਨ ਦੇ ਖੇਤਰ ਵਿੱਚ ਬਤੌਰ ਨਵੇਂ ਚਿਹਰੇ ਵਜੋਂ ਉਸ ਦੀ ਕੀ ਥਾਂ ਹੈ। ਉਸ ਨੇ ਕਿਹਾ ਕਿ ਇਸ ਫਿਲਮ ਨੂੰ ਇੱਕ ਪ੍ਰਸਿੱਧ ਸਮਾਰੋਹ ਵਿੱਚ ਚੁਣਿਆ ਗਿਆ ਹੈ, ਜੋ ਤਸੱਲੀਬਖ਼ਸ਼ ਹੈ। ‘ਸਮਡੇਅ’ ਮਾਂ ਤੇ ਧੀ ਦੀ ਕਹਾਣੀ ਹੈ। ਵਿਧੀ ਇੱਕ ਫਰੰਟ ਲਾਈਨ ਵਰਕਰ ਹੈ, ਜੋ 15 ਦਿਨਾਂ ਦੀ ਡਿਊਟੀ ਮਗਰੋਂ ਹਫ਼ਤੇ ਦੇ ਇਕਾਂਤਵਾਸ ਲਈ ਘਰ ਆਉਂਦੀ ਹੈ ਤੇ ਆਪਣੀ ਮਾਤਾ ਨੂੰ ਮਿਲਦੀ ਹੈ, ਜੋ ਅਲਜ਼ਾਈਮਰ ਤੋਂ ਪੀੜਤ ਹੈ। ਇੰਡੀਅਨ ਫਿਲਮ ਫੈਸਟੀਵਲ ਸਟੱਟਗਾਰਟ ਇਸ ਸਾਲ 21 ਤੋਂ 25 ਜੁਲਾਈ ਤੱਕ ਹੋਵੇਗਾ। ਕਰੋਨਾਵਾਇਰਸ ਮਹਾਮਾਰੀ ਕਾਰਨ ਇਹ ਸਮਾਰੋਹ ਆਨਲਾਈਨ ਹੋਵੇਗਾ।