ਟੋਕੀਓ:ਟੋਕੀਓ ਉਲੰਪਿਕ ਖੇਡਾਂ ਵਿਚ ਭਾਰਤੀ ਪੁਰਸ਼ਾਂ ਦੀ ਹਾਕੀ ਟੀਮ ਅੱਜ ਖੇਡੇ ਗਏ ਸੈਮੀਫਾਈਨਲ ਮੈਚ ਵਿਚ ਵਿਸ਼ਵ ਚੈਂਪੀਅਨ ਬੈਲਜੀਅਮ ਦੀ ਟੀਮ ਪਾਸੋਂ 5-2 ਨਾਲ ਹਾਰ ਗਈ। ਭਾਰਤ ਟੀਮ ਨੇ ਇੱਕ ਵਾਰ‌ ਬੜ੍ਹਤ ਬਣਾ ਲਈ ਸੀ, ਦੂਜੇ ਅਤੇ ਤੀਜੇ ਕੁਆਰਟਰ ਤੱਕ ਮੁਕਾਬਲਾ 2-2 ਨਾਲ ਬਰਾਬਰ ਸੀ ਪਰ ਚੌਥਾ ਕੁਆਰਟਰ ਭਾਰਤੀ ਟੀਮ ਲਈ ਮੰਦਭਾਗਾ ਸਾਬਤ ਹੋਇਆ। ਹੁਣ ਭਾਰਤ ਕਾਂਸ਼ੀ ਦੇ ਤਗਮੇਂ ਲਈ 5 ਅਗਸਤ ਨੂੰ ਖੇਡੇਗਾ।ਭਾਰਤੀ ਟੀਮ ਇਕ ਸਮੇਂ ਲੀਡੀ ’ਤੇ ਸੀ ਪਰ ਆਖਰੀ 11 ਮਿੰਟਾਂ ਵਿੱਚ ਤਿੰਨ ਗੋਲ ਖਾਣ ਕਾਰਨ ਬਾਜ਼ੀ ਉਸ ਦੇ ਹੱਥੋਂ ਨਿਕਲ ਗਈ। ਵਿਰੋਧੀ ਧਿਰ ਦੇ ਐਲੇਗਜੈਂਡਰ ਹੈਂਡਰਿਕਸ (19 ਵੇਂ, 49 ਵੇਂ ਅਤੇ 53 ਵੇਂ ਮਿੰਟ) ਦੀ ਹੈਟ੍ਰਿਕ ਭਾਰਤ ਨੂੰ ਮਹਿੰਗੀ ਪਈ। ਹੈਂਡਰਿਕਸ ਤੋਂ ਇਲਾਵਾ ਵਿਸ਼ਵ ਚੈਂਪੀਅਨ ਬੈਲਜੀਅਮ ਦੇ ਲੋਇਕ ਫੈਨੀ ਲਾਇਪਰਟ (ਦੂਜਾ) ਅਤੇ ਜੌਹਨ ਡੌਹਮੈਨ (60ਵੇਂ ਮਿੰਟ) ਨੇ ਵੀ ਗੋਲ ਕੀਤੇ। ਭਾਰਤ ਲਈ ਹਰਮਨਪ੍ਰੀਤ ਸਿੰਘ ਨੇ ਸੱਤਵੇਂ ਮਿੰਟ ਅਤੇ ਮਨਦੀਪ ਸਿੰਘ ਨੇ ਅੱਠਵੇਂ ਮਿੰਟ ਵਿੱਚ ਗੋਲ ਕੀਤੇ। ਬੈਲਜੀਅਮ ਰੀਓ ਓਲੰਪਿਕਸ ਦੀ ਚਾਂਦੀ ਤਮਗਾ ਜੇਤੂ ਹੈ।