ਮੈਲਬਰਨ, 31 ਦਸੰਬਰ
ਆਸਟਰੇਲੀਆ ਨੇ ਅਗਲੇ ਭਾਰਤੀ ਦੌਰੇ ਲਈ ਅੱਜ ਕ੍ਰਿਕਟ ਟੀਮ ਦਾ ਐਲਾਨ ਕਰ ਦਿੱਤਾ ਹੈ। ਆਰੋਨ ਫਿੰਚ ਦੀ ਅਗਵਾਈ ਵਾਲੀ ਇਸ ਇੱਕ ਰੋਜ਼ਾ ਟੀਮ ਵਿੱਚ ਜ਼ਖ਼ਮੀ ਤੇਜ਼ ਗੇਂਦਬਾਜ਼ ਸੀਨ ਐਬੋਟ ਦੀ ਥਾਂ ਡੀ ਆਰਸੀ ਸ਼ੌਰਟ ਨੂੰ ਸ਼ਾਮਲ ਕੀਤਾ ਗਿਆ ਹੈ। ਭਾਰਤੀ ਦੌਰੇ ਦੀ ਸ਼ੁਰੂਆਤ 14 ਜਨਵਰੀ ਨੂੰ ਮੁੰਬਈ ਵਿੱਚ ਪਹਿਲੇ ਇੱਕ ਰੋਜ਼ਾ ਮੈਚ ਨਾਲ ਹੋਵੇਗੀ। ਦੂਜਾ ਮੈਚ 17 ਜਨਵਰੀ ਨੂੰ ਰਾਜਕੋਟ ਵਿੱਚ ਅਤੇ ਤੀਜਾ ਮੈਚ (19 ਜਨਵਰੀ) ਬੰਗਲੌਰ ਵਿੱਚ ਖੇਡਿਆ ਜਾਵੇਗਾ।
ਮਾਸਪੇਸ਼ੀਆਂ ਵਿੱਚ ਖਿੱਚ ਪੈਣ ਕਾਰਨ ਐਬੋਟ ਨੂੰ ਚਾਰ ਹਫ਼ਤਿਆਂ ਲਈ ਬਾਹਰ ਕਰ ਦਿੱਤਾ ਗਿਆ ਹੈ, ਜਿਸ ਮਗਰੋਂ ਸ਼ੌਰਟ ਨੂੰ 14 ਮੈਂਬਰੀ ਟੀਮ ਵਿੱਚ ਸ਼ਾਮਲ ਕੀਤਾ ਗਿਆ। ਤੇਜ਼ ਗੇਂਦਬਾਜ਼ ਪੈਟ ਕਮਿਨਸ, ਜੋਸ਼ ਹੇਜ਼ਲਵੁੱਡ, ਮਿਸ਼ੇਲ ਸਟਾਰਕ ਅਤੇ ਕੇਨ ਰਿਚਰਡਸਨ ਆਸਟਰੇਲਿਆਈ ਟੀਮ ਵਿੱਚ ਹਨ, ਇਸ ਲਈ ਚੋਣਕਾਰਾਂ ਨੇ ਤੇਜ਼ ਗੇਂਦਬਾਜ਼ ਐਬੋਟ ਦੀ ਥਾਂ ਸੀਨੀਅਰ ਕ੍ਰਮ ਦੇ ਬੱਲੇਬਾਜ਼ ਸ਼ੌਰਟ ਨੂੰ ਚੁਣਿਆ, ਜੋ ਲੈੱਗ ਸਪਿੰਨ ਗੇਂਦਬਾਜ਼ੀ ਵੀ ਕਰ ਸਕਦਾ ਹੈ।
ਚੋਣ ਕਮੇਟੀ ਦੇ ਕਨਵੀਨਰ ਟਰੈਵਰ ਹੋਨਸ ਨੇ ਕਿਹਾ, “ਸੀਨ ਲਈ ਇਹ ਮੰਦਭਾਗਾ ਹੈ। ਸੀਨ ਆਈਸੀਸੀ ਟੀ-20 ਵਿਸ਼ਵ ਕੱਪ ਅਤੇ ਇੱਕ ਰੋਜ਼ਾ ਵਿਸ਼ਵ ਕੱਪ ਦੀਆਂ ਯੋਜਨਾਵਾਂ ਲਈ ਸੀਮਤ ਓਵਰਾਂ ਦੀ ਸਾਡੀ ਟੀਮ ਦਾ ਹਿੱਸਾ ਹੈ।’’ ਉਨ੍ਹਾਂ ਕਿਹਾ, ‘‘ਡੀ ਆਰਸੀ ਦੇ ਟੀਮ ਵਿੱਚ ਹੋਣ ਨਾਲ ਸਾਡੇ ਕੋਲ ਐਸ਼ਟਨ ਐਗਰ ਦੇ ਨਾਲ ਇੱਕ ਹੋਰ ਸਪਿੰਨ ਹਰਫ਼ਨਮੌਲਾ ਦਾ ਬਦਲ ਹੋਵੇਗਾ।’’ ਇਨ੍ਹਾਂ ਦੋਵਾਂ ਤੋਂ ਇਲਾਵਾ ਚਾਰ ਵਿਸ਼ਵ ਪੱਧਰੀ ਤੇਜ਼ ਗੇਂਦਬਾਜ਼ਾਂ ਅਤੇ ਸਪਿੰਨਰ ਐਡਮ ਜੰਪਾ ਦੀ ਮੌਜੂਦਗੀ ਨਾਲ ਟੀਮ ਬਹੁਤ ਹੀ ਸੰਤੁਲਿਤ ਬਣ ਗਈ ਹੈ। ਡੀ ਆਰਸੀ ਦੇ ਚੰਗੇ ਰਿਕਾਰਡ ਅਤੇ ਬੱਲੇਬਾਜ਼ੀ ਕ੍ਰਮ ਵਿੱਚ ਕਿਸੇ ਵੀ ਥਾਂ ਬੱਲੇਬਾਜ਼ੀ ਕਰਨ ਦੀ ਸਮਰੱਥਾ ਦਾ ਟੀਮ ਨੂੰ ਫ਼ਾਇਦਾ ਮਿਲੇਗਾ।’’
ਸ਼ੌਰਟ ਨੇ ਆਸਟਰੇਲੀਆ ਲਈ ਚਾਰ ਇੱਕ ਰੋਜ਼ਾ ਮੈਚਾਂ ਵਿੱਚ 26.66 ਦੀ ਔਸਤ ਨਾਲ 83 ਦੌੜਾਂ ਬਣਾਈਆਂ ਹਨ। ਡੇਵਿਡ ਵਾਰਨਰ ਅਤੇ ਫਿੰਚ ਪਾਰੀ ਦਾ ਆਗਾਜ਼ ਕਰਨਗੇ। ਇਸ ਲਈ ਹੋ ਸਕਦਾ ਹੈ ਸ਼ੌਰਟ ਸ਼ਾਇਦ ਮੱਧ ਕ੍ਰਮ ਵਿੱਚ ਉਤਰੇਗਾ। ਆਸਟਰੇਲੀਆ ਇਸ ਤੋਂ ਪਹਿਲਾਂ ਇੱਕ ਰੋਜ਼ਾ ਵਿਸ਼ਵ ਕੱਪ-2019 ਤੋਂ ਪਹਿਲਾਂ ਭਾਰਤੀ ਦੌਰੇ ’ਤੇ ਆਇਆ ਸੀ ਅਤੇ ਉਦੋਂ ਉਸ ਨੇ 0-2 ਨਾਲ ਪੱਛੜਣ ਮਗਰੋਂ ਸ਼ਾਨਦਾਰ ਵਾਪਸੀ ਕਰਕੇ 3-2 ਨਾਲ ਲੜੀ ਜਿੱਤੀ ਸੀ। ਗੇਂਦ ਨਾਲ ਛੇੜਛਾੜ ਮਾਮਲੇ ਵਿੱਚ ਪਾਬੰਦੀ ਖ਼ਤਮ ਹੋਣ ਮਗਰੋਂ ਵਾਰਨਰ ਅਤੇ ਸਟੀਵ ਸਮਿੱਥ ਵੀ ਆਸਟਰੇਲਿਆਈ ਟੀਮ ਨਾਲ ਪਹਿਲੀ ਵਾਰ ਭਾਰਤ ਆਉਣਗੇ। ਕ੍ਰਿਕਟ ਆਸਟਰੇਲੀਆ ਨੇ ਦੱਖਣੀ ਅਫਰੀਕਾ ਵਿੱਚ ਗੇਂਦ ਨਾਲ ਛੇੜਛਾੜ ਵਿੱਚ ਸ਼ਮੂਲੀਅਤ ਕਾਰਨ ਦੋਵਾਂ ’ਤੇ ਇੱਕ-ਇੱਕ ਸਾਲ ਦੀ ਪਾਬੰਦੀ ਲਾ ਦਿੱਤੀ ਸੀ। ਭਾਰਤੀ ਦੌਰੇ ’ਤੇ ਆਉਣ ਵਾਲੀ ਆਸਟਰੇਲੀਆ ਦੀ ਟੀਮ: ਆਰੋਨ ਫਿੰਚ (ਕਪਤਾਨ), ਐਸ਼ਟਨ ਐਗਰ, ਅਲੈਕਸ ਕੈਰੀ, ਪੈਟ ਕਮਿਨਸ, ਪੀਟਰ ਹੈਂਡਸਕੌਂਬ, ਜੋਸ਼ ਹੇਜ਼ਲਵੁੱਡ, ਮਾਰਨਸ ਲਾਬੂਸ਼ਾਨੇ, ਕੇਨ ਰਿਚਰਡਸਨ, ਡੀ ਆਰਸੀ ਸ਼ੌਰਟ, ਸਟੀਵ ਸਮਿੱਥ, ਮਿਸ਼ੇਲ ਸਟਾਰਕ, ਐਸ਼ਟਨ ਟਰਨਰ, ਡੇਵਿਡ ਵਾਰਨਰ, ਐਡਮ ਜੰਪਾ।