ਨਵੀਂ ਦਿੱਲੀ, ਭਾਰਤ ਦੀਆਂ ਅੰਡਰ-16 ਅਤੇ ਅੰਡਰ-20 ਫੁਟਬਾਲ ਟੀਮਾਂ ਨੇ ਕ੍ਰਮਵਾਰ ਇਰਾਕ ਅਤੇ ਅਰਜਨਟੀਨਾ ਵਰਗੀਆਂ ਵੱਡੀਆਂ ਟੀਮਾਂ ਨੂੰ ਹਰਾ ਕੇ ਇਤਿਹਾਸ ਸਿਰਜ ਦਿੱਤਾ। ਭਾਰਤੀ ਅੰਡਰ-16 ਟੀਮ ਨੇ ਜੌਰਡਨ ਦੇ ਅੰਮਾਨ ਵਿੱਚ ਚੱਲ ਰਹੀ ਡਬਲਯੂਏਐਫਐਫ ਅੰਡਰ-16 ਚੈਂਪੀਅਨਸ਼ਿਪ ਵਿੱਚ ਮੌਜੂਦਾ ਅੰਡਰ-16 ਏਸ਼ੀਅਨ ਚੈਂਪੀਅਨ ਇਰਾਕ ਨੂੰ 1-0 ਗੋਲ ਨਾਲ ਹਰਾ ਕੇ ਉਲਟਫੇਰ ਕੀਤਾ। ਕਿਸੇ ਭਾਰਤੀ ਫੁਟਬਾਲ ਟੀਮ ਦੀ ਇਰਾਕ ਖ਼ਿਲਾਫ਼ ਕਿਸੇ ਵੀ ਉਮਰ ਵਰਗ ਵਿੱਚ ਇਹ ਪਹਿਲੀ ਜਿੱਤ ਹੈ।
ਦੂਜੇ ਪਾਸੇ ਸਪੇਨ ਵਿੱਚ ਅੰਡਰ-20 ਕੌਟਿਫ ਕੱਪ ਟੂਰਨਾਮੈਂਟ ਵਿੱਚ ਭਾਰਤੀ ਅੰਡਰ-20 ਟੀਮ ਨੇ ਫੁਟਬਾਲ ਦੇ ਪਾਵਰਹਾਊਸ ਨਾਲ ਮਸ਼ਹੂਰ ਅਰਜਨਟੀਨਾ ਨੂੰ 2-1 ਗੋਲਾਂ ਨਾਲ ਹਰਾ ਕੇ ਭਾਰਤੀ ਫੁਟਬਾਲ ਦੇ ਇਤਿਹਾਸ ਵਿੱਚ ਦੂਜਾ ਸੁਨਹਿਰੀ ਪੰਨਾ ਲਿਖਿਆ। ਭਾਰਤ ਅਤੇ ਇਰਾਕ ਦੀਆਂ ਅੰਡਰ-16 ਟੀਮਾਂ ਦਾ ਇਸ ਤੋਂ ਪਹਿਲਾਂ ਸਾਹਮਣਾ ਨੇਪਾਲ ਵਿੱਚ ਏਐਫਸੀ ਅੰਡਰ-16 ਕੁਆਲੀਫਾਇਰ ਦੌਰਾਨ ਹੋਇਆ ਸੀ, ਜੋ ਡਰਾਅ ਰਿਹਾ। ਭਾਰਤ ਲਈ ਮੈਚ ਦਾ ਜੇਤੂ ਗੋਲ ਆਖ਼ਰੀ ਸਮੇਂ ਭੁਵਨੇਸ਼ ਨੇ ਹੈਡਰ ਨਾਲ ਕੀਤਾ ਅਤੇ ਭਾਰਤ ਨੂੰ ਨਾ ਭੁੱਲਣਯੋਗ ਜਿੱਤ ਦਿਵਾਈ। ਭਾਰਤੀ ਟੀਮ ਨੇ ਸ਼ੁਰੂ ਤੋਂ ਹੀ ਇਰਾਕ ’ਤੇ ਦਬਾਅ ਬਣਾਈ ਰੱਖਿਆ ਅਤੇ ਉਸ ਨੂੰ ਗੋਲ ਨਹੀਂ ਕਰਨ ਦਿੱਤਾ। ਗਿਵਸਨ, ਵਿਕਰਮ, ਹਰਪ੍ਰੀਤ ਅਤੇ ਗੁਰਕੀਰਤ ਦੀਆਂ ਕੋਸ਼ਿਸ਼ਾਂ ਨੂੰ ਬੂਰ ਨਹੀਂ ਪੈ ਰਿਹਾ ਸੀ। ਅਜਿਹੀ ਜੱਦੋ-ਜਹਿਦ ਦੌਰਾਨ ਆਖ਼ਰੀ ਮੌਕੇ ਭੁਵਨੇਸ਼ ਨੇ ਹੈਡਰ ਨਾਲ ਗੋਲ ਦਾਗ਼ਿਆ।
ਦੂਜੇ ਪਾਸੇ, ਅਰਜਨਟੀਨਾ ਖ਼ਿਲਾਫ਼ ਇਤਿਹਾਸਕ ਜਿੱਤ ਦਾ ਹੀਰੋ ਅਨਵਰ ਅਲੀ ਰਿਹਾ, ਜਿਸ ਨੇ ਮੈਚ ਦੇ 68ਵੇਂ ਮਿੰਟ ਵਿੱਚ ਫਰੀ ਕਿੱਕ ਨੂੰ ਗੋਲ ਵਿੱਚ ਬਦਲਿਆ। ਦੀਪਕ ਟਾਂਗਰੀ ਨੇ ਚੌਥੇ ਹੀ ਮਿੰਟ ਵਿੱਚ ਭਾਰਤ ਦਾ ਪਹਿਲਾ ਗੋਲ ਦਾਗ਼ਿਆ। ਉਸ ਨੇ ਸ਼ਾਨਦਾਰ ਹੈਡਰ ਨਾਲ ਅਰਜਨਟੀਨਾ ਦੇ ਗੋਲਕੀਪਰ ਨੂੰ ਮਾਤ ਦਿੱਤੀ। ਹਾਫ਼ ਟਾਈਮ ਤੱਕ ਭਾਰਤੀ ਟੀਮ 1-0 ਗੋਲ ਨਾਲ ਅੱਗੇ ਚੱਲ ਰਹੀ ਸੀ। ਦੂਜੇ ਹਾਫ਼ ਵਿੱਚ ਵੀ ਭਾਰਤੀ ਖਿਡਾਰੀਆਂ ਨੇ ਆਪਣਾ ਦਬਦਬਾ ਕਾਇਮ ਰੱਖਿਆ ਅਤੇ 68ਵੇਂ ਮਿੰਟ ਵਿੱਚ ਸਕੋਰ 2-0 ਕਰ ਦਿੱਤਾ।