ਨਵੀਂ ਦਿੱਲੀ, 13 ਮਈ

ਭਾਰਤੀ ਉਲੰਪਿਕ ਸੰਘ (ਆਈਓਏ) ਨੇ ਭਾਰਤੀ ਕੁਸ਼ਤੀ ਸੰਘ ਦੇ ਜਨਰਲ ਸਕੱਤਰ ਨੂੰ ਕਿਹਾ ਹੈ ਕਿ ਉਹ ਸਾਰੇ ਅਧਿਕਾਰਤ ਦਸਤਾਵੇਜ਼ ਆਪਣੀ ਐਡਹਾਕ ਕਮੇਟੀ ਨੂੰ ਸੌਂਪਣ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਫੈਡਰੇਸ਼ਨ ਨੂੰ ਚਲਾਉਣ ਵਿੱਚ ਬਾਹਰ ਜਾਣ ਵਾਲੇ ਅਹੁਦੇਦਾਰਾਂ ਦੀ ਕੋਈ ਭੂਮਿਕਾ ਨਾ ਰਹੇ। ਕੁਸ਼ਤੀ ਸੰਘ ਨੇ ਕਿਹਾ ਕਿ ਉਸ ਨੂੰ ਆਈਓਏ ਦੇ ਆਦੇਸ਼ਾਂ ਦੀ ਪਾਲਣਾ ਕਰਨ ਵਿੱਚ ਕੋਈ ਸਮੱਸਿਆ ਨਹੀਂ ਹੈ ਕਿਉਂਕਿ ਇਹ ਪਹਿਲਾਂ ਹੀ ਅਧਿਕਾਰੀਆਂ ਨਾਲ ਸਹਿਯੋਗ ਕਰ ਰਿਹਾ ਹੈ।

ਆਈਓਏ ਨੇ ਕੁਸ਼ਤੀ ਸੰਘ ਦੇ ਰੋਜ਼ਮਰ੍ਹਾ ਦੇ ਮਾਮਲਿਆਂ ਦਾ ਪ੍ਰਬੰਧਨ ਕਰਨ ਅਤੇ ਰਾਸ਼ਟਰੀ ਫੈਡਰੇਸ਼ਨ ਲਈ ਚੋਣਾਂ ਕਰਵਾਉਣ ਲਈ ਐਡਹਾਕ ਕਮੇਟੀ ਨਿਯੁਕਤ ਕੀਤੀ ਹੈ। ਇਹ ਐਡਹਾਕ ਕਮੇਟੀ ਖੇਡ ਮੰਤਰਾਲੇ ਦੇ ਹੁਕਮਾਂ ‘ਤੇ ਨਿਯੁਕਤ ਕੀਤੀ ਗਈ ਹੈ। ਦੇਸ਼ ਦੇ ਨਾਮੀ ਦੇ ਪਹਿਲਵਾਨਾਂ ਨੇ ਕੁਸ਼ਤੀ ਸੰਘ ਦੇ ਮੁਖੀ ਬ੍ਰਿਜ ਭੂਸ਼ਨ ਸ਼ਰਨ ਸਿੰਘ ‘ਤੇ ਮਹਿਲਾ ਪਹਿਲਵਾਨਾਂ ਦਾ ਜਿਨਸੀ ਸ਼ੋਸ਼ਣ ਕਰਨ ਦਾ ਦੋਸ਼ ਲਗਾਇਆ ਹੈ ਅਤੇ ਉਸ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਜੰਤਰ-ਮੰਤਰ ‘ਤੇ ਧਰਨਾ ਦੇ ਰਹੇ ਹਨ।