ਨਵੀਂ ਦਿੱਲੀ, 20 ਜਨਵਰੀ
ਸਰਕਾਰ ਨਾਲ ਮੀਟਿੰਗ ਬੇਸਿੱਟਾ ਰਹਿਣ ਤੋਂ ਬਾਅਦ ਪ੍ਰਦਰਸ਼ਨਕਾਰੀ ਪਹਿਲਵਾਨਾਂ ਵੱਲੋਂ ਭਾਰਤੀ ਓਲੰਪਿਕ ਸੰਘ (ਆਈਓਏ) ਪ੍ਰਧਾਨ ਪੀਟੀ ਊਸ਼ਾ ਨੂੰ ਪੱਤਰ ਲਿਖੇ ਜਾਣ ਮਗਰੋਂ ਆਈਓਏ ਨੇ ਭਾਰਤੀ ਕੁਸ਼ਤੀ ਮਹਾਸੰਘ (ਡਬਲਿਊਐੱਫਆਈ) ਦੇ ਪ੍ਰਧਾਨ ਬ੍ਰਿਜ ਭੂਸ਼ਨ ਸ਼ਰਨ ਸਿੰਘ ਖ਼ਿਲਾਫ਼ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦੀ ਜਾਂਚ ਲਈ ਮੁੱਕੇਬਾਜ਼ ਮੇਰੀਕੌਮ ਦੀ ਅਗਵਾਈ ਹੇਠ ਸੱਤ ਮੈਂਬਰੀ ਕਮੇਟੀ ਬਣਾਈ ਹੈ। ਇਸ ਕਮੇਟੀ ਵਿੱਚ ਯੋਗੇਸ਼ਵਰ ਦੱਤ, ਡੋਲਾ ਬੈਨਰਜੀ, ਸਹਿਦੇਵ ਯਾਦਵ ਅਤੇ ਅਲਕਾਨੰਦ ਵੀ ਸ਼ਾਮਲ ਹਨ। ਇਹ ਕਮੇਟੀ ਪਹਿਲਾਂ ਖਿਡਾਰੀਆਂ ਅਤੇ ਫਿਰ ਬ੍ਰਿਜ ਭੂਸ਼ਨ ਨਾਲ ਗੱਲਬਾਤ ਕਰਨ ਮਗਰੋਂ ਆਪਣੀ ਰਿਪੋਰਟ ਸੌਂਪੇਗੀ।
ਇਸ ਤੋਂ ਪਹਿਲਾਂ ਭਾਰਤ ਦੇ ਨਾਮੀ ਪਹਿਲਵਾਨਾਂ ਦੀ ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨਾਲ ਵੀਰਵਾਰ ਰਾਤ ਨੂੰ ਹੋਈ ਮੀਟਿੰਗ ਬੇਸਿੱਟਾ ਰਹੀ ਸੀ ਕਿਉਂਕਿ ਉਨ੍ਹਾਂ ਨੇ ਭਾਰਤੀ ਕੁਸ਼ਤੀ ਮਹਾਸੰਘ (ਡਬਲਿਊਐੱਫਆਈ) ਨੂੰ ਭੰਗ ਕਰਨ ਦੀ ਸਰਕਾਰ ਦੀ ਮੰਗ ਤੋਂ ਪਿੱਛੇ ਹਟਣ ਤੋਂ ਇਨਕਾਰ ਕਰ ਦਿੱਤਾ ਸੀ। ਸੰਘ ਦੇ ਪ੍ਰਧਾਨ ਬ੍ਰਿਜ ਭੂਸ਼ਨ ਸ਼ਰਨ ਸਿੰਘ ਖ਼ਿਲਾਫ਼ ਪਹਿਲਵਾਨਾਂ ਦੇ ਵਿਰੋਧ ਦੇ ਦੂਜੇ ਦਿਨ ਵੀਰਵਾਰ ਨੂੰ ਬਾਤ ਕਰੀਬ 10 ਵਜੇ ਲੰਮੀ ਮੀਟਿੰਗ ਸ਼ੁਰੂ ਹੋਈ। ਪਹਿਲਵਾਨ ਤੜਕੇ 1.45 ਵਜੇ ਠਾਕੁਰ ਦੇ ਘਰ ਤੋਂ ਨਿਕਲੇ ਅਤੇ ਬਾਹਰ ਉਡੀਕ ਕਰ ਰਹੇ ਪੱਤਰਕਾਰਾਂ ਨਾਲ ਗੱਲ ਨਹੀਂ ਕੀਤੀ। ਓਲੰਪਿਕ ਤਮਗਾ ਜੇਤੂ ਬਜਰੰਗ ਪੂਨੀਆ, ਰਵੀ ਦਹੀਆ, ਸਾਕਸ਼ੀ ਮਲਿਕ ਅਤੇ ਵਿਸ਼ਵ ਚੈਂਪੀਅਨਸ਼ਿਪ ਤਮਗਾ ਜੇਤੂ ਵਿਨੇਸ਼ ਫੋਗਾਟ ਮੀਟਿੰਗ ਦਾ ਹਿੱਸਾ ਸਨ। ਸ੍ਰੀ ਠਾਕੁਰ ਹਿਮਾਚਲ ਪ੍ਰਦੇਸ਼ ਤੋਂ ਦਿੱਲੀ ਪਹੁੰਚੇ। ਸਰਕਾਰੀ ਅਧਿਕਾਰੀਆਂ ਮੁਤਾਬਕ ਪਹਿਲਵਾਨ ਸ਼ੁੱਕਰਵਾਰ ਨੂੰ ਮੁੜ ਖੇਡ ਮੰਤਰੀ ਨਾਲ ਮੁਲਾਕਾਤ ਕਰਨਗੇ।
ਇਸੇ ਦੌਰਾਨ ਪ੍ਰਦਰਸ਼ਨਕਾਰੀ ਪਹਿਲਵਾਨਾਂ ਨੇ ਭਾਰਤੀ ਓਲੰਪਿਕ ਸੰਘ ਨੂੰ ਭਾਰਤੀ ਕੁਸ਼ਤੀ ਮਹਾਸੰਘ ਦੇ ਪ੍ਰਧਾਨ ਵਿਰੁੱਧ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦੀ ਜਾਂਚ ਲਈ ਕਮੇਟੀ ਕਾਇਮ ਕਰਨ ਦੀ ਅਪੀਲ ਕੀਤੀ। ਪਹਿਲਵਾਨਾਂ ਨੇ ਓਲੰਪਿਕ ਸੰਘ ਨੂੰ ਕਿਹਾ ਕਿ ਕੁਸ਼ਤੀ ਫੈਡਰੇਸ਼ਨ ਨੂੰ ਚਲਾਉਣ ਲਈ ਪਹਿਲਵਾਨਾਂ ਨਾਲ ਸਲਾਹ ਕਰਕੇ ਨਵੀਂ ਕਮੇਟੀ ਬਣਾਈ ਜਾਵੇ। ਇਸ ਤੋਂ ਬਾਅਦ ਓਲੰਪਿਕ ਸੰਘ ਦੀ ਲਗਪਗ ਡੇਢ ਘੰਟਾ ਚੱਲੀ ਮੀਟਿੰਗ ਦੌਰਾਨ ਭਾਰਤੀ ਮੁੱਕੇਬਾਜ਼ ਮੇਰੀਕੋਮ ਸਣੇ ਸੱਤ ਮੈਂਬਰਾਂ ਦੀ ਕਮੇਟੀ ਬਣਾਉਣ ਦਾ ਐਲਾਨ ਕੀਤਾ, ਜੋ ਬ੍ਰਿਜ ਭੂਸ਼ਨ ਖ਼ਿਲਾਫ਼ ਦੋਸ਼ਾਂ ਦੀ ਜਾਂਚ ਕਰੇਗੀ।