ਨਵੀਂ ਦਿੱਲੀ, ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਿਊਐੱਫਆਈ) ਕੋਚ ਹੁਸੈਨ ਕਰੀਮੀ ਨੂੰ ਛੇ ਮਹੀਨਿਆਂ ’ਚ ਹੀ ਬਰਖ਼ਾਸਤ ਕਰਦੇ ਹੋਏ ਦਾਅਵਾ ਕੀਤਾ ਹੈ ਕਿ ਇਰਾਨ ਦਾ ਇਹ ਕੋਚ ਆਪਣੇ ਨਾਲ ਵੀਆਈਪੀ ਸੱਭਿਆਚਾਰ ਲੈ ਕੇ ਆਇਆ ਜਿਸ ਦਾ ਦੇਸ਼ ਵਿੱਚ ਪਾਲਣ ਨਹੀਂ ਕੀਤਾ ਜਾ ਸਕਦਾ। ਕਰੀਮੀ ਦਾ ਸਮਝੌਤਾ ਟੋਕੀਓ ਓਲੰਪਿਕ ਤੱਕ ਸੀ। ਇਰਾਨ ਦੇ ਇਸ ਕੋਚ ਨੂੰ ਉਸ ਦੀ ਬਰਖ਼ਾਸਤਗੀ ਦਾ ਨੋਟਿਸ ਬੁੱਧਵਾਰ ਨੂੰ ਸੌਂਪਾ ਗਿਆ।
ਡਬਲਿਊਐੱਫਆਈ ਦੇ ਸਹਾਇਕ ਕੋਚ ਵਿਨੋਦ ਤੋਮਰ ਨੇ ਪੀਟੀਆਈ ਨਾਲ ਗੱਲਬਾਤ ਦੌਰਾਨ ਕਿਹਾ, ‘‘ਉਹ ਵੀਆਈਪੀ ਸੱਭਿਆਚਾਰ ਦਾ ਪਾਲਣ ਕਰ ਰਹੇ ਸਨ ਅਤੇ ਉਨ੍ਹਾਂ ਦੀਆਂ ਮੰਗਾਂ ਮੰਨਣਾ ਕਾਫੀ ਮੁਸ਼ਕਿਲ ਹੋ ਗਿਆ ਸੀ। ਅਸੀਂ ਭਾਰਤੀ ਖੇਡ ਅਥਾਰਟੀ ਨੂੰ ਇਸ ਬਾਰੇ ਜਾਣਕਾਰੀ ਦੇ ਦਿੱਤੀ ਹੈ। ਹੁਣ ਅਸੀਂ ਨਵਾਂ ਕੋਚ ਲੱਭ ਰਹੇ ਹਾਂ।’’ ਇਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਕਰੀਮੀ ਕਦੇ ਕੋਚਾਂ ਜਾਂ ਪਹਿਲਵਾਨਾਂ ਦੇ ਨਾਲ ਰਿਸ਼ਤੇ ਨਹੀਂ ਬਣਾ ਸਕੇ। ਤੋਮਰ ਨੇ ਕਿਹਾ, ‘‘ਕਰੀਮੀ ਦੀ ਹਮੇਸ਼ਾਂ ਕੋਈ ਨਾ ਕੋਈ ਸ਼ਿਕਾਇਤ ਜਾਂ ਮੰਗ ਹੁੰਦੀ ਸੀ। ਉਨ੍ਹਾਂ ਨੇ ਸਾਈ ਕੰਪਲੈਕਸ ’ਚ ਰਹਿਣ ਤੋਂ ਇਨਕਾਰ ਕਰ ਦਿੱਤਾ ਜਿੱਥੇ ਕੌਮੀ ਕੈਂਪ ਚੱਲ ਰਿਹਾ ਸੀ, ਇਸ ਵਾਸਤੇ ਸਾਨੂੰ ਉਨ੍ਹਾਂ ਵਾਸਤੇ ਸਾਈ ਸੈਂਟਰ ਨੇੜੇ ਫਲੈਟ ਕਿਰਾਏ ’ਤੇ ਲੈਣਾ ਪਿਆ।
ਡਬਲਿਊਐੱਫਆਈ ਨੇ ਕਿਹਾ ਕਿ ਕਰੀਮੀ ਨੂੰ 3500 ਡਾਲਰ ਮਹੀਨਾ ਤਨਖ਼ਾਹ ’ਤੇ ਨਿਯੁਕਤ ਕੀਤਾ ਗਿਆ ਸੀ ਪਰ ਉਨ੍ਹਾਂ ਦੀਆਂ ਵਾਧੂ ਮੰਗਾਂ ਕਾਰਨ ਖਰਚੇ ਪੰਜ ਹਜ਼ਾਰ ਡਾਲਰ ਤੱਕ ਪਹੁੰਚ ਗਏ ਸਨ। ਡਬਲਿਊਐੱਫਆਈ ਲਈ ਚਿੰਤਾ ਦੀ ਇਕ ਹੋਰ ਵੱਡੀ ਗੱਲ ਇਹ ਸੀ ਕਿ ਕਰੀਮੀ ਦਾ ਆਪਣੇ ਸਿੱਖਿਆਰਥੀਆਂ ਤੱਕ ਨਾਲ ਕੋਈ ਲਗਾਓ ਨਹੀਂ ਸੀ। ਤੋਮਰ ਨੇ ਕਿਹਾ, ‘‘ਟੂਰਨਾਮੈਂਟ ਦੌਰਾਨ ਉਹ ਮੈਟ ’ਤੇ ਜਾਂਦੇ ਸਨ ਪਰ ਪਹਿਲਵਾਨਾਂ ਦਾ ਪਸੀਨਾ ਸਾਫ਼ ਕਰਨ ਤੋਂ ਇਨਕਾਰ ਕਰ ਦਿੱਤਾ। ਦੂਜੇ ਪਾਸੇ ਕਰੀਮੀ ਨੇ ਕਿਹਾ, ‘‘ਭਾਰਤ ਵਿੱਚ ਖੇਡ ਦੀ ਪ੍ਰਗਤੀ ਲਈ ਚੰਗੀ ਵਿਵਸਥਾ ਨਹੀਂ ਹੈ। ਇੱਥੇ ਕਾਫੀ ਸਮੱਸਿਆ ਹੈ। ਉਨ੍ਹਾਂ ਨੇ ਮੇਰਾ ਸਮਝੌਤਾ ਰੱਦ ਕਰ ਦਿੱਤਾ ਹੈ। ਮੇਰੇ ’ਤੇ ਲਗਾਏ ਸਾਰੇ ਦੋਸ਼ ਗਲਤ ਹਨ। ਇਹ ਭਾਰਤੀ ਕੋਚਾਂ ਦੀ ਮੇਰੇ ਲਈ ਪਹਿਲਾਂ ਤੋਂ ਨਿਰਧਾਰਤ ਯੋਜਨਾ ਹੈ। ਫੈਡਰੇਸ਼ਨ ਨੇ ਮੇਰੇ ਨਾਲ ਗੱਲ ਕੀਤੇ ਬਿਨਾ ਮੇਰਾ ਸਮਝੌਤਾ ਰੱਦ ਕਰ ਦਿੱਤਾ, ਇਹ ਗੈਰ-ਪੇਸ਼ੇਵਰ ਤਰੀਕਾ ਹੈ।’’ ਕਰੀਮੀ ਨੇ ਇਨ੍ਹਾਂ ਦੋਸ਼ਾਂ ਨੂੰ ਵੀ ਬਕਵਾਸ ਦੱਸਿਆ ਕਿ ਉਨ੍ਹਾਂ ਨੇ ਵੀਆਈਪੀ ਵਾਂਗ ਵਰਤਾਓ ਕੀਤਾ। ਉਨ੍ਹਾਂ ਕਿਹਾ, ‘‘ਉਹ ਅਜਿਹਾ ਕਿਵੇਂ ਕਹਿ ਸਕਦੇ ਹਨ? ਉਨ੍ਹਾਂ ਨੇ ਮੈਨੂੰ ਘੱਟੋ-ਘੱਟ ਸਹੂਲਤਾਂ ਵਾਲਾ ਘਰ ਦਿੱਤਾ ਅਤੇ ਮੈਂ ਇਸ ’ਤੇ ਕੋਈ ਇਤਰਾਜ਼ ਨਹੀਂ ਕੀਤਾ। ਮੇਰੇ ਸਮਝੌਤੇ ਤੋਂ ਇਲਾਵਾ ਮੇਰੀ ਕੋਈ ਇੱਛਾ ਨਹੀਂ ਸੀ।’’ ਪਤਾ ਲੱਗਿਆ ਹੈ ਕਿ ਕਰੀਮੀ ਸੋਨੀਪਤ ਜ਼ਿਲ੍ਹੇ ਦੇ ਬਾਹਲਗੜ੍ਹ ਵਿੱਚ ਕੌਮੀ ਕੈਂਪ ’ਚ ਆਪਣਾ ਪ੍ਰੋਗਰਾਮ ਚਲਾਉਣਾ ਚਾਹੁੰਦੇ ਸਨ ਪਰ ਦੇਸ਼ ਦੇ ਐਲੀਟ ਪਹਿਲਵਾਨਾਂ ਨੇ ਆਪਣੇ ਹਿਸਾਬ ਨਾਲ ਟਰੇਨਿੰਗ ਕੀਤੀ। ਡਬਲਿਊਐੱਫਆਈ ਨੇ ਵਿਸ਼ਵ ਚੈਂਪੀਅਨਸ਼ਿਪ ਦੌਰਾਨ ਉਜ਼ਬੇਕਿਸਤਾਨ ਅਤੇ ਰੂਸ ਦੇ ਕੁਝ ਕੋਚਾਂ ਨਾਲ ਗੱਲਬਾਤ ਕੀਤੀ ਅਤੇ ਕੁਝ ਇਛੁੱਕ ਉਮੀਦਵਾਰਾਂ ਨੂੰ ਅਰਜ਼ੀ ਦੇਣ ਲਈ ਕਿਹਾ। ਕੌਮੀ ਕੈਂਪ ਪਹਿਲੀ ਨਵੰਬਰ ਤੋਂ ਸ਼ੁਰੂ ਹੋਵੇਗਾ ਅਤੇ ਡਬਲਿਊਐੱਫਆਈ ਦੇ ਇਸ ਤੋਂ ਪਹਿਲਾਂ ਕਿਸੇ ਨੂੰ ਨਿਯੁਕਤ ਕਰਨ ਦੀ ਆਸ ਹੈ।