ਮੋਰਿੰਡਾ, 15 ਜਨਵਰੀ
ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਇੱਕਤਰਤਾ ਸ਼ੂਗਰ ਮਿੱਲ ਮੋਰਿੰਡਾ ਵਿੱਚ ਜ਼ਿਲ੍ਹਾ ਪ੍ਰਧਾਨ ਚਰਨ ਸਿੰਘ ਮੁੰਡੀਆਂ ਦੀ ਪ੍ਰਧਾਨਗੀ ਹੇਠ ਹੋਈ| ਗੁਰਚਰਨ ਸਿੰਘ ਢੋਲਣ ਮਾਜਰਾ ਨੇ ਦੱਸਿਆ ਕਿ ਯੂਨੀਅਨ ਆਗੂਆਂ ਨੇ ਸ਼ੂਗਰ ਮਿੱਲ ਮੋਰਿੰਡਾ ਵੱਲੋਂ ਕਿਸਾਨਾਂ ਦੇ ਪਿਛਲੇ ਸਾਲ ਦੇ ਅਤੇ ਮੌਜੂਦਾ ਸਾਲ ਦੀ ਗੰਨੇ ਦੀ ਅਦਾਇਗੀ ਵਿੱਚ ਬਾਂਡ ਪੈਨੇਲਟੀ ਦੇ ਨਾਂਅ ’ਤੇ ਕੀਤੀ ਜਾ ਰਹੀ ਕਟੌਤੀ ਦਾ ਸਖ਼ਤ ਵਿਰੋਧ ਕੀਤਾ ਜਾ ਰਿਹਾ ਹੈ। ਕਿਸਾਨਾਂ ਤੇ ਯੂਨੀਅਨ ਵੱਲੋਂ ਪੰਜਾਬ ਸਰਕਾਰ ਅਤੇ ਪੰਜਾਬ ਸ਼ੂਗਰਫੈੱਡ ਵਿਰੁੱਧ ਵੀ ਰੋਸ ਮੁਜ਼ਾਹਰਾ ਕੀਤਾ ਗਿਆ| ਜ਼ਿਲ੍ਹਾ ਸਕੱਤਰ ਜੋਗਿੰਦਰ ਸਿੰਘ ਦਬੁਰਜੀ ਨੇ ਦੱਸਿਆ ਕਿ ਪੰਜਾਬ ਸਰਕਾਰ ਕੋਆਪ੍ਰੇਟਿਵ ਖੰਡ ਮਿੱਲ ਨੂੰ ਫੇਲ੍ਹ ਕਰਨ ’ਤੇ ਤੁਲੀ ਹੋਈ ਹੈ| ਕਿਉਂਕਿ ਕਾਰਪੋਰੇਟ ਘਰਾਣੇ ਪ੍ਰਾਈਵੇਟ ਮਿੱਲਾਂ ਨੂੰ ਉਤਸ਼ਾਹਿਤ ਕਰ ਰਹੇ ਹਨ| ਉਨ੍ਹਾਂ ਸ਼ੂਗਰ ਮਿੱਲ ਅਧਿਕਾਰੀਆਂ ਨੂੰ ਲਿਖ਼ਤੀ ਮੰਗ ਪੱਤਰ ਵੀ ਦਿੱਤਾ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ 20 ਜਨਵਰੀ ਤੱਕ ਬਕਾਇਆ ਪੇਮੈਂਟ ਅਤੇ ਕਟੌਤੀ ਕਿਸਾਨਾਂ ਦੇ ਖਾਤਿਆਂ ਵਿੱਚ ਨਾ ਭੇਜੀ ਤਾਂ ਸ਼ੂਗਰ ਮਿੱਲ ਅੱਗੇ ਧਰਨਾ ਦੇਣ ਦਾ ਪ੍ਰੋਗਰਾਮ ਉਲੀਕਿਆ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ| ਯੂਨੀਅਨ ਆਗੂਆਂ ਨੇ ਇੱਕ ਮਤੇ ਰਾਹੀਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ ਕਿਸਾਨਾਂ ਦੇ ਸਮੁੱਚੇ ਕਰਜ਼ੇ ਤੁਰੰਤ ਮੁਆਫ ਕਰੇ| ਇਸ ਮੌਕੇ ਕੇਸਰ ਸਿੰਘ ਦੁਲਚੀ ਮਾਜਰਾ, ਹਰੀਪਾਲ ਸਿੰਘ ਅਟਾਰੀ, ਅਮਰਿੰਦਰ ਸਿੰਘ, ਕਰਨੈਲ ਸਿੰਘ ਰਸੀਦਪੁਰ, ਸੋਹਣ ਸਿੰਘ ਬੁੱਢਾ ਭਿਓਰਾ, ਗੁਰਨਾਮ ਸਿੰਘ ਜਟਾਣਾ, ਦਲਜੀਤ ਸਿੰਘ ਚਲਾਕੀ, ਜਗੀਰ ਸਿੰਘ ਮੁੰਡੀਆਂ, ਕੇਹਰ ਸਿੰਘ ਅਮਰਾਲੀ ਆਦਿ ਮੌਜੂਦ ਸਨ|