ਚੰਡੀਗੜ੍ਹ, 12 ਜੂਨ :ਅੱਜ ਭਾਰਤੀ ਕਿਸਾਨ ਯੂਨੀਅਨ ਦੇ ਆਗੂਆਂ ਭੁਪਿੰਦਰ ਸਿੰਘ ਮਾਨ ਸਾਬਕਾ ਐਮ ਪੀ ਅਤੇ ਕੌਮੀਂ ਪ੍ਰਧਾਨ ਬੀ ਕੇ ਯੂ, ਬਲਦੇਵ ਸਿੰਘ ਮੀਆਂਪੁਰ ਪ੍ਰਧਾਨ ਬੀ ਕੇ ਯੂ ਪੰਜਾਬ, ਗੁਰਬਚਨ ਸਿੰਘ ਬਾਜਵਾ ਜਨਰਲ ਸਕੱਤਰ ਪੰਜਾਬ ਅਤੇ ਸੁਖਵਿੰਦਰ ਸਿੰਘ ਕਾਹਲੋਂ ਪ੍ਰਧਾਨ ਜਿਲ੍ਹਾ ਗੁਰਦਾਸਪੁਰ ਅਤੇ ਚੈਅਰਮੈਨ ਘੰਡ ਮਿੱਲ ਬਟਾਲਾ ਵੱਲੋਂ ਸਾਂਝੇ ਤੌਰ ਤੇ ਪ੍ਰੈੱਸ ਬਿਆਨ ਜਾਰੀ ਕਰਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬੇ ਦੀਆਂ ਸਹਿਕਾਰੀ ਖੰਡ ਮਿੱਲਾਂ ਨੂੰ ਗੰਨੇ ਦੀ ਬਕਾਇਆ ਰਾਸ਼ੀ ਤੁਰੰਤ ਜਾਰੀ ਕਰਨ ਦੇ ਹੁਕਮਾਂ ਦਾ ਸਵਾਗਤ ਕੀਤਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਸਮੇਂ ਸਮੇਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਕੋਲ ਇਹ ਮੁੱਦਾ ਉਠਾਉਂਦੀ ਰਹੀ ਹੈ ਜਿਸ ਨੂੰ ਅੱਜ ਪੂਰਾ ਕਰਾਉਣ ਲਈ ਮੁੱਖ ਮੰਤਰੀ ਨੇ ਗੰਭੀਰਤਾ ਦਿਖਾਈ ਹੈ। ਆਪਣੇ ਬਿਆਨ ਵਿਚ ਇਹਨਾਂ ਆਗੂਆਂ ਨੇ ਕਿਹਾ ਹੈ ਕਿ ਜਿਸ ਤਰ੍ਹਾਂ ਦੇਸ਼ ਵਿਚ ਕਰੋਨਾਂ ਮਹਾਂਮਾਰੀ ਨੇ ਕਹਿਰ ਵਰਤਾਇਆ ਹੈ ਅਤੇ ਇਸ ਨਾਲ ਦੇਸ਼ ਦਾ ਹਰ ਵਰਗ ਪ੍ਰਭਾਵਿਤ ਹੋਇਆ ਹੈ ਇਸੇ ਤਰੀਕੇ ਕਿਸਾਨ ਵੀ ਇਸ ਆਰਥਿਕ ਮੰਦੀ ਹੇਠ ਆਇਆ ਹੈ ਅਤੇ ਪੰਜਾਬ ਦੇ ਗੰਨਾਂ ਕਿਸਾਨਾਂ ਦੀ ਗੰਨਾਂ ਮਿੱਲਾਂ ਵੱਲੋਂ ਬਕਾਇਆ ਰਾਸ਼ੀ ਨਾਂ ਮਿਲਣ ਕਰਕੇ ਕਿਸਾਨ ਹੋਰ ਵਧੇਰੇ ਚਿੰਤਤ ਸਨ। ਮੁੱਖ ਮੰਤਰੀ ਨੇ ਕਿਸਾਨਾਂ ਬਾਰੇ ਸੋਚਦਿਆਂ 149 ਕਰੋੜ ਰੁਪਏ ਸ਼ੂਗਰਫੈੱਡ ਲਈ ਜਾਰੀ ਕਰਨ ਦੇ ਆਦੇਸ਼ ਦੇ ਕੇ ਗੰਨਾਂ ਕਿਸਾਨਾਂ ਨੂੰ ਬਹੁਤ ਵੱਡਾ ਸਹਾਰਾ ਦਿੱਤਾ ਹੈ । ਅਸੀਂ ਮੰਗ ਕਰਦੇ ਹਾਂ ਕੇ ਸ਼ੁਰਫੈਡ ਸਰਕਾਰ ਵੱਲੋਂ ਮਿਲੇ 149 ਕਰੋੜ ਦੀ ਸਹਾਇਤਾ ਨਾਲ ਕਿਸਾਨਾਂ ਦੀ 299 ਕਰੋੜ ਦੀ ਰਾਸ਼ੀ ਤੁਰੰਤ ਜਾਰੀ ਕਰੇ ਤਾਂ ਜੋ ਆਰਥਿਕ ਤੰਗੀ ਦਾ ਸਾਹਮਣਾ ਕਰ ਰਹੇ ਕਿਸਾਨਾਂ ਨੂੰ ਕੁਝ ਰਾਹਤ ਮਿਲ ਸਕੇ । ਇਹਨਾਂ ਆਗੂਆਂ ਨੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ ਵੀ ਧੰਨਵਾਦ ਕਰਦਿਆਂ ਕਿਹਾ ਕਿ ਉਹ ਵੀ ਸਦਾ ਗੰਨਾਂ ਕਿਸਾਨਾਂ ਲਈ ਗੰਭੀਰਤਾ ਦਿਖਾਉਂਦੇ ਹਨ ਅਤੇ ਉਹਨਾਂ ਦੇ ਯਤਨਾਂ ਸਦਕਾ ਹੀ ਸੂਬੇ ਵਿਚ ਗੰਨਾਂ ਮਿੱਲਾਂ ਦਾ ਵਿਸਥਾਰ ਹੋਇਆ ਹੈ।