ਲਹਿਰਾਗਾਗਾ,7 ਦਸੰਬਰ

ਇਥੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਦਿੱਲੀ ’ਚ ਲਗਾਤਾਰ ਗਿਆਰਾ ਦਿਨਾਂ ਤੋਂ ਖੇਤੀ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕੀਤੇ ਜਾ ਸੰਘਰਸ਼ ਨੂੰ ਹੋਰ ਮਘਾਉਣ ਤੇ 8 ਦਸੰਬਰ ਦੇ ਬੰਦ ਨੂੰ ਪੂਰਨ ਸਫਲ ਬਣਾਉਣ ਲਈ ਪਿੰਡਾਂ ’ਚ ਦੁੱਧ ਅਤੇ ਸਬਜ਼ੀਆਂ ਦੀ ਸਪਲਾਈ ਰੋਕਣ ਦਾ ਐਲਾਨ ਕੀਤਾ ਹੈ ਤੇ ਕਿਸਾਨਾਂ ਨੂੰ ਇਸ ਲਈ ਪ੍ਰੇਰਿਤ ਕਰਦੇ ਹੋਏ ਪਿੰਡ ਪਿੰਡ ਮੀਟਿੰਗਾਂ ਕਰਕੇ 8 ਦਸੰਬਰ ਨੂੰ ਲਹਿਰਾਗਾਗਾ ’ਚ ਸ਼ਹੀਦ ਗੁਰਜੰਟ ਸਿੰਘ ਚੌਕ ਲੇਹਲ ਖੁਰਦ ’ਤੇ ਅਤੇ ਮੂਨਕ ਦੇ ਬੈਰੀਅਰ ਚੌਕ ’ਚ 12 ਤੋਂ 4 ਵਜੇ ਤੱਕ ਸਟੇਜਾਂ ਲਗਾਉਣ ਦਾ ਐਲਾਨ ਕੀਤਾ। ਇਸਦੇ ਨਾਲ ਹੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਲਹਿਰਾਗਾਗਾ ਦੇ ਪ੍ਰਧਾਨ ਧਰਮਿੰਦਰ ਸਿੰਘ ਪਿਸ਼ੋਰ ਦੀ ਅਗਵਾਈ ’ਚ ਮੋਦੀ-ਸ਼ਾਹ ਅਤੇ ਕਾਰਪੋਰੇਟਰ ਸਾਥੀ ਰਿਲਾਇੰਸ ਦੇ ਪੰਪ ਅੱਗੇ ਲਗਾਤਾਰ ਧਰਨੇ ਜਾਰੀ ਰਹਿਣਗੇ। ਅੱਜ ਵੀ ਰਿਲਾਇੰਸ ਦੇ ਪੈਟਰੋਲ ਪੰਪ ’ਤੇ 68 ਵੇਂ ਦਿਨ ਧਰਨਾ ਲਗਾਤਾਰ ਜਾਰੀ ਹੈ।

ਇਸ ਦੇ ਨਾਲ ਹੀ ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਦੀਆਂ ਪ੍ਰਮੱਖ ਜਥੇਬੰਦੀਆਂ ਐਂਪਲਾਈਜ਼ ਫੈਡਰੇਸ਼ਨ ਬਿਜਲੀ ਬੋਰਡ,ਅਧਿਆਪਕ ਦਲ ਪੰਜਾਬ, ਕਰਮਚਾਰੀ ਦਲ ਪੀ.ਆਰ.ਟੀ.ਸੀ, ਕਰਮਚਾਰੀ ਦਲ ਪੰਜਾਬ ਅਧਾਰਤ ਮੁਲਾਜ਼ਮ ਫਰੰਟ ਪੰਜਾਬ ਨੇ ਵੀ 8 ਦਸੰਬਰ ਦੀ ਸਮੂਹਿਕ ਛੁੱਟੀ ਲੈ ਕੇ ਕਿਸਾਨ ਜਥੇਬੰਦੀਆਂ ਦੇ ਸੱਦੇ ਤੇ ਭਾਰਤ ਬੰਦ ਦਾ ਸਮਰਥਨ ਕਰਨ ਦਾ ਐਲਾਨ ਕੀਤਾ ਹੈ।