ਨਵੀਂ ਦਿੱਲੀ, 29 ਅਗਸਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਭਾਰਤੀ ਅਰਥਚਾਰਾ ਤੇਜ਼ੀ ਨਾਲ ਤਰੱਕੀ ਦੇ ਰਾਹ ’ਤੇ ਅੱਗੇ ਵੱਧ ਰਿਹਾ ਹੈ, ਜਿਸ ਕਰਕੇ ਨੌਜਵਾਨਾਂ ਲਈ ਰੁਜ਼ਗਾਰ ਦੇ ਵੱਡੇ ਮੌਕੇ ਪੈਦਾ ਹੋਏ ਹਨ। ਨੌਜਵਾਨਾਂ ਨੂੰ 51 ਹਜ਼ਾਰ ਨਿਯੁਕਤੀ ਪੱਤਰ ਵੰਡਣ ਲਈ ਰੱਖੇ ਰੁਜ਼ਗਾਰ ਮੇਲੇ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਆਟੋਮੋਬਾਈਲ, ਫਾਰਮਾ, ਸੈਰ-ਸਪਾਟਾ ਤੇ ਫੂਡ ਪ੍ਰੋਸੈਸਿੰਗ ਸੈਕਟਰਾਂ ਦੇ ਤੇਜ਼ ਰਫ਼ਤਾਰ ਨਾਲ ਅੱਗੇ ਵਧਣ ਦੀਆਂ ਸੰਭਾਵਨਾਵਾਂ ਹਨ ਤੇ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਖੁੱਲ੍ਹਣਗੇ।
ਸ੍ਰੀ ਮੋਦੀ ਵੱਲੋਂ ਵਰਚੁਅਲੀ ਸੰਬੋਧਨ ਕੀਤੇ ਰੁਜ਼ਗਾਰ ਮੇਲੇ ਵਿਚ ਦੇਸ਼ ਭਰ ਵਿਚ 45 ਥਾਵਾਂ ਤੋਂ ਕੇਂਦਰੀ ਨੀਮ ਫੌਜੀ ਬਲਾਂ, ਨਾਰਕੋਟਿਕਸ ਕੰਟਰੋਲ ਬਿਊਰੋ ਤੇ ਦਿੱਲੀ ਪੁਲੀਸ ਦੇ ਨਵੇਂ ਐਂਪੁਆਇੰਟੀ ਸ਼ਾਮਲ ਹੋਏ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਸਭ ਤੋਂ ਤੇਜ਼ੀ ਨਾਲ ਵਿਕਸਤ ਹੁੰਦੇ ਅਰਥਚਾਰੇ ਵਜੋਂ ਉਭਰਿਆ ਹੈ ਤੇ ਇਸ ਦਹਾਕੇ ਵਿਚ ਜਲਦੀ ਹੀ ਇਹ ਵਿਸ਼ਵ ਦੇ ਸਿਖਰਲੇ ਤਿੰਨ ਅਰਥਚਾਰਿਆਂ ਵਿਚ ਸ਼ਾਮਲ ਹੋਵੇਗਾ ਅਤੇ ਇਸ ਦਾ ਫਾਇਦਾ ਆਮ ਆਦਮੀ ਨੂੰ ਹੋਵੇਗਾ। ਉਨ੍ਹਾਂ ਕਿਹਾ, ‘‘ਕਿਸੇ ਵੀ ਅਰਥਚਾਰੇ ਦੇ ਵਿਕਾਸ ਲਈ ਜ਼ਰੂਰੀ ਹੈ ਕਿ ਹਰ ਖੇਤਰ ਵਿਚ ਵਿਕਾਸ ਹੋਵੇ। ਖੁਰਾਕ ਸੈਕਟਰ ਤੋਂ ਫਾਰਮਾਸਿਊਟੀਕਲਜ਼, ਪੁਲਾੜ ਤੋਂ ਸਟਾਰਟ-ਅੱਪਸ, ਜਦੋਂ ਹਰੇਕ ਸੈਕਟਰ ਤਰੱਕੀ ਕਰੇਗਾ…ਉਦੋਂ ਅਰਥਚਾਰਾ ਵੀ ਅੱਗੇ ਵਧੇਗਾ।’’ ਸ੍ਰੀ ਮੋਦੀ ਨੇ ਕਿਹਾ ਕਿ ਸਾਲ 2030 ਤੱਕ ਇਕੱਲੇ ਸੈਰ-ਸਪਾਟਾ ਸੈਕਟਰ ਤੋਂ ਹੀ ਅਰਥਚਾਰੇ ਵਿਚ 20 ਲੱਖ ਕਰੋੜ ਰੁਪਏ ਦਾ ਯੋਗਦਾਨ ਪੈਣ ਦੀ ਉਮੀਦ ਸੀ ਤੇ ਇਹ ਖੇਤਰ 13-14 ਕਰੋੜ ਨਵੇਂ ਰੁਜ਼ਗਾਰ ਪੈਦਾ ਕਰਨ ਦੇ ਸਮਰੱਥ ਹੈ। ਸ੍ਰੀ ਮੋਦੀ ਨੇ ਫਾਰਮਾਸਿਊਟੀਕਲ ਇੰਡਸਟਰੀ ਦੀ ਮਿਸਾਲ ਦੇ ਹਵਾਲੇ ਨਾਲ ਕਿਹਾ ਕਿ ਮੌਜੂਦਾ ਸਮੇਂ ਇਹ ਸੈਕਟਰ 4 ਲੱਖ ਕਰੋੜ ਰੁਪਏ ਦਾ ਹੈ ਤੇ ਅਗਲੇ ਸੱਤ ਸਾਲਾਂ ਵਿਚ ਇਸ ਦੇ ਵਧ ਕੇ 10 ਲੱਖ ਕਰੋੜ ਰੁਪਏ ਹੋਣ ਦੀ ਆਸ ਹੈ। ਉਨ੍ਹਾਂ ਕਿਹਾ, ‘‘ਇਸ ਦਾ ਕੀ ਮਤਲਬ ਹੈ? ਇਸ ਦਾ ਅਰਥ ਹੈ ਕਿ ਇਸ ਦਹਾਕੇ ਵਿੱਚ ਫਾਰਮਾ ਸਨਅਤ ਨੂੰ ਬਹੁਤ ਸਾਰੇ ਨੌਜਵਾਨਾਂ ਦੀ ਲੋੜ ਹੈ। ਰੁਜ਼ਗਾਰ ਦੇ ਨਵੇਂ ਮੌਕੇੇ ਪੈਦਾ ਹੋਣਗੇ।’’ ਉਨ੍ਹਾਂ ਯੂਪੀ ਦੀ ਮਿਸਾਲ ਦਿੰਦਿਆਂ ਕਿਹਾ ਕਿ ਅਪਰਾਧ ਦੀ ਦਰ ਘਟਣ ਨਾਲ ਨਿਵੇਸ਼ ਦੇ ਮੌਕੇ ਵਧਦੇ ਹਨ। ਉਨ੍ਹਾਂ ਕਿਹਾ ਕਿ ਪਿਛਲੇ ਨੌਂ ਸਾਲਾਂ ਵਿੱਚ ਸਰਕਾਰ ਵੱਲੋਂ ਕੀਤੇ ਯਤਨਾਂ ਸਦਕਾ ਤਬਦੀਲੀ ਦਾ ਇਕ ਨਵਾਂ ਯੁੱਗ ਵੇਖਿਆ ਜਾ ਸਕਦਾ ਹੈ।