ਨਵੀਂ ਦਿੱਲੀ, 27 ਜਨਵਰੀ

ਯੂਪੀ ਵਿਧਾਨ ਸਭਾ ਚੋਣਾਂ ਲਈ ਭਾਜਪਾ ਵੱਲੋਂ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੂੰ ਗੋਰਖਪੁਰ ਸੀਟ ਤੋਂ ਖੜ੍ਹਾ ਕਰਨ ਦੇ ਕਈ ਦਿਨਾਂ ਮਗਰੋਂ ਕਾਂਗਰਸੀ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਇਸ ਫ਼ੈਸਲੇ ਤੋਂ ਸਪੱਸ਼ਟ ਹੈ ਕਿ ਭਾਜਪਾ ਲੀਡਰਸ਼ਿਪ ਉਨ੍ਹਾਂ ਦਾ ਕੱਦ ਘਟਾਉਣ ਦੀ ਕੋਸ਼ਿਸ਼ ਕਰ ਰਹੀ ਹੈ ਜਿਵੇਂਕਿ ਇੱਕ ਤਾਨਾਸ਼ਾਹ ਸਿਸਟਮ ’ਚ ਸਿਰਫ਼ ਇੱਕ ਵੱਡਾ ਆਗੂ ਹੀ ਹੋ ਸਕਦਾ ਹੈ। ਭਾਜਪਾ ਵੱਲੋਂ ਆਦਿਤਿਆਨਾਥ ਨੂੰ ਉਨ੍ਹਾਂ ਦੇ ਗੜ੍ਹ ਗੋਰਖਪੁਰ ਤੋਂ ਚੋਣ ਲੜਾਉਣ ਦੇ ਫ਼ੈਸਲੇ ਸਬੰਧੀ ਪੁੱਛੇ ਜਾਣ ’ਤੇ ਪ੍ਰਿਯੰਕਾ ਗਾਂਧੀ ਨੇ ਕਿਹਾ,‘ਮੈਨੂੰ ਇੰਜ ਜਾਪਦਾ ਹੈ ਕਿ ਉਨ੍ਹਾਂ ਦੀ ਲੀਡਰਸ਼ਿਪ ਉਨ੍ਹਾਂ ਦਾ ਕੱਦ ਘਟਾਉਣ ਦਾ ਯਤਨ ਕਰ ਰਹੀ ਹੈ। ਇਹ ਇੱਕ ਖੁੱਲ੍ਹਾ ਭੇਤ ਹੈ ਕਿ ਉਹ ਅਜਿਹਾ ਕੁਝ ਸਮੇਂ ਲਈ ਕਰਨਾ ਚਾਹੁੰਦੇ ਹਨ। ਉਨ੍ਹਾਂ ਅੰਦਰਲੇ ਵਲਵਲਿਆਂ ਨੇ ਉਨ੍ਹਾਂ ਨੂੰ ਲੋਕਾਂ ’ਚ ਨੰਗਾ ਕਰਨਾ ਸ਼ੁਰੂ ਕਰ ਦਿੱਤਾ ਹੈ। ਮੇਰਾ ਮੰਨਣਾ ਹੈ ਕਿ ਉਨ੍ਹਾਂ ਦੇ ਤਾਨਾਸ਼ਾਹੀ ਸਿਸਟਮ ਵਿੱਚ ਸਿਰਫ਼ ਇੱਕ ਵੱਡਾ ਆਗੂ ਹੋ ਸਕਦਾ ਹੈ।’

ਪੀਟੀਆਈ ਨੂੰ ਦਿੱਤੀ ਵਿਸ਼ੇਸ਼ ਇੰਟਰਵਿਊ ਵਿੱਚ ਪ੍ਰਿਯੰਕਾ ਨੇ ਕੋਵਿਡ ਮਹਾਮਾਰੀ  ਤੇ ਖ਼ਾਸ ਤੌਰ ’ਤੇ ਦੂਜੀ ਲਹਿਰ ਨਾਲ ਨਜਿੱਠਣ ਸਬੰਧੀ ਕਾਰਜਪ੍ਰਣਾਲੀ ’ਤੇ ਆਦਿਤਿਆਨਾਥ ਸਰਕਾਰ ’ਤੇ ਨਿਸ਼ਾਨਾ ਸੇਧਦਿਆਂ ਦੋਸ਼ ਲਾਇਆ ਕਿ ਇਹ ਲੋਕਾਂ ਨੂੰ ਬਚਾਉਣ ਅਤੇ ਉਨ੍ਹਾਂ ਨੂੰ ਸਿਹਤ ਸਹੂਲਤਾਂ, ਆਕਸੀਜਨ, ਦਵਾਈਆਂ ਤੇ ਹਸਪਤਾਲਾਂ ਵਿੱਚ ਬੈੱਡ ਮੁਹੱਈਆ ਕਰਵਾਉਣ ’ਚ ਨਾਕਾਮਯਾਬ ਰਹੀ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਸਰਕਾਰ ਦੇ ਯਤਨ ਜ਼ਿੰਦਗੀ ਬਚਾਉਣ ਨਾਲੋਂ ਸੱਚ ਛਿਪਾਉਣ ਦੀ ਕੋਸ਼ਿਸ਼ ਕਰਦੇ ਰਹੇ। ਉਨ੍ਹਾਂ ਕਿਹਾ ਕਿ ਲੋਕ ਮਾੜਾ ਸਮਾਂ ਭੁਲਾ ਕੇ ਜ਼ਿੰਦਗੀ ’ਚ ਅੱਗੇ ਵਧਣ ਦੀ ਕੋਸ਼ਿਸ਼ ਕਰਦੇ ਹਨ। ਹਾਲਾਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਇੱਕ ਸਰਕਾਰ ਨੂੰ ਇਸਦੇ ਕੰਮਾਂ ਲਈ ਜ਼ਿੰਮੇਵਾਰ ਠਹਿਰਾਇਆ ਜਾਣਾ ਚਾਹੀਦਾ ਹੈ।

ਕਾਂਗਰਸ ਵੱਲੋਂ ਚੋਣਾਂ ਵਿੱਚ ਔਰਤਾਂ ਨੂੰ ਖ਼ਾਸ ਥਾਂ ਦੇਣ ਸਬੰਧੀ ਪੁੱਛੇ ਜਾਣ ’ਤੇ ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਉਨਾਓ ਜਬਰ-ਜਨਾਹ ਪੀੜਤਾ ਦੀ ਮਾਂ ਨੂੰ ਟਿਕਟ ਦੇਣ ਦਾ ਉਦੇਸ਼ ਸਿੱਧੇ ਤੌਰ ’ਤੇ ਇਹ ਸੁਨੇਹਾ ਦੇਣਾ ਹੈ ਕਿ ਜਿਸ ਨੇ ਉਨ੍ਹਾਂ ਦੇ ਪਰਿਵਾਰ ਨੂੰ ਬਰਬਾਦ ਕੀਤਾ ਤੇ ਬਚ ਕੇ ਨਿਕਲ ਗਿਆ, ਉਹ ਸਿਰਫ਼ ਅਜਿਹਾ ਇੱਕ ਵਿਧਾਇਕ ਹੋਣ ਕਾਰਨ ਕਰ ਸਕਿਆ ਤੇ ਅਸੀਂ ਉਸਨੂੰ ਇਹੀ ਸ਼ਕਤੀ ਲੈਣ, ਆਪਣੀ ਜ਼ਿੰਦਗੀ ਮੁੜ ਸੰਵਾਰਨ ਤੇ ਦੂਜਿਆਂ ਦੀ ਮਦਦ ਕਰਨ ਦੇ ਯੋਗ ਬਣਾ ਰਹੇ ਹਾਂ।’ ਉਨ੍ਹਾਂ ਕਿਹਾ ਕਿ ਇਹੀ ਗੱਲ ਉਨ੍ਹਾਂ ਜਿਹੇ ਦੂਜੇ ਲੋਕਾਂ ’ਤੇ ਵੀ ਲਾਗੂ ਹੁੰਦੀ ਹੈ ਜਿਨ੍ਹਾਂ ਆਪਣੇ ਫ਼ਿਰਕੇ ਦੇ ਹੱਕਾਂ ਲਈ ਸੰਘਰਸ਼ ਕੀਤਾ। 

ਭਾਵੇਂ ਇਹ ਉਹ ਆਸ਼ਾ ਬਹੂ ਪੂਨਮ ਪਾਂਡੇ ਹੋਵੇ, ਜਿਨ੍ਹਾਂ ਦੀ ਯੋਗੀ ਸਰਕਾਰ ਨੇ ਸਿਰਫ਼ ਇਸ ਲਈ ਕੁੱਟਮਾਰ ਕੀਤੀ ਕਿ ਉਹ ਆਪਣੀ ਗੱਲ ਸੁਣੇ ਜਾਣ ਦੀ ਮੰਗ ਕਰ ਰਹੀ ਸੀ ਜਾਂ ਫਿਰ ਰਾਮਰਾਜ ਗੋੌੜ ਹੋਵੇ, ਜਿਸਨੇ ਉਮਭਾ (ਸੋਨਭੱਦਰ) ਵਿੱਚ ਕਤਲੋਗਾਰਤ ਤੋਂ ਬਾਅਦ ਸੰਘਰਸ਼ ਦੀ ਅਗਵਾਈ ਕੀਤੀ।