ਨਵੀਂ ਦਿੱਲੀ : ਦਿੱਲੀ ਸੇਵਾਵਾਂ ਬਿੱਲ ਨਾਲ ਸਬੰਧਤ ਮਤੇ ਵਿੱਚ ਪੰਜ ਸੰਸਦ ਮੈਂਬਰਾਂ ਦੇ ਜਾਅਲੀ ਦਸਤਖ਼ਤ ਕਰਨ ਦੇ ਲੱਗੇ ਦੋਸ਼ਾਂ ਦੇ ਸਬੰਧ ਵਿੱਚ ਅੱਜ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਕਿਹਾ ਕਿ ਭਾਜਪਾ ਉਨ੍ਹਾਂ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਚਾਰ ਸੰਸਦ ਮੈਂਬਰਾਂ ਨੇ ਚੱਢਾ ’ਤੇ ਨਿਯਮਾਂ ਦੀ ਉਲੰਘਣਾ ਕਰ ਕੇ ਉਨ੍ਹਾਂ ਦੀ ਸਹਿਮਤੀ ਤੋਂ ਬਿਨਾਂ ਇਕ ਸਿਲੈਕਟ ਕਮੇਟੀ ਦੇ ਗਠਨ ਲਈ ਉਨ੍ਹਾਂ ਦੇ ਨਾਮ ਦੀ ਸਿਫਾਰਿਸ਼ ਕਰਨ ਦਾ ਦੋਸ਼ ਲਗਾਇਆ ਹੈ। ਬੁੱਧਵਾਰ ਨੂੰ ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਨੇ ਜਾਂਚ ਕਰਨ ਲਈ ਇਹ ਮਾਮਲਾ ਮਰਿਆਦਾ ਕਮੇਟੀ ਨੂੰ ਭੇਜ ਦਿੱਤਾ ਸੀ। 20 ਜੁਲਾਈ ਨੂੰ ਸ਼ੁਰੂ ਹੋਇਆ ਰਾਜ ਸਭਾ ਦਾ ਇਜਲਾਸ ਸ਼ੁੱਕਰਵਾਰ ਨੂੰ ਖਤਮ ਹੋਣਾ ਹੈ। ਇੱਥੇ ਅੱਜ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ੍ਰੀ ਚੱਢਾ ਨੇ ਕਿਹਾ, ‘‘ਭਾਜਪਾ ਮੇਰੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਮੈਂ ਲੜਾਂਗਾ। ਮੈਂ ਭਾਜਪਾ ਤੋਂ ਨਹੀਂ ਡਰਦਾ ਹਾਂ ਮੈਂ ਭਾਜਪਾ ਦੇ ਉਨ੍ਹਾਂ ਲੋਕ ਸਭਾ ਮੈਂਬਰਾਂ ਖ਼ਿਲਾਫ਼ ਮਰਿਆਦਾ ਕਮੇਟੀ ਤੇ ਅਦਾਲਤ ਤੱਕ ਪਹੁੰਚ ਕਰਾਂਗਾ, ਜਿਨ੍ਹਾਂ ਨੇ ਮੇਰੇ ’ਤੇ ਜਾਅਲਸਾਜ਼ੀ ਦੇ ਦੋਸ਼ ਲਗਾਏ ਹਨ।’’ ਉਨ੍ਹਾਂ ਕਿਹਾ ਕਿ ਇੱਕ ਸੰਸਦ ਮੈਂਬਰ ਚੋਣ ਕਮੇਟੀ ਲਈ ਲਿਖਤੀ ਸਹਿਮਤੀ ਜਾਂ ਦਸਤਖਤ ਤੋਂ ਬਿਨਾਂ ਕਿਸੇ ਹੋਰ ਮੈਂਬਰ ਦੇ ਨਾਮ ਦੀ ਸਿਫਾਰਿਸ਼ ਕਰ ਸਕਦਾ ਹੈ। ਸ੍ਰੀ ਚੱਢਾ ਨੇ ਨਿਯਮਾਂ ਦੀ ਕਿਤਾਬ ਦਿਖਾਉਂਦੇ ਹੋਏ ਕਿਹਾ ਕਿ ਕੋਈ ਵੀ ਮੈਂਬਰ, ਲਿਖਤੀ ਸਹਿਮਤੀ ਜਾਂ ਦਸਤਖਤ ਤੋਂ ਬਿਨਾਂ ਕਿਸੇ ਹੋਰ ਮੈਂਬਰ ਦੇ ਨਾਮ ਦੀ ਸਿਫਾਰਿਸ਼ ਕਰ ਸਕਦਾ ਹੈ। ਨਿਯਮਾਂ ਮੁਤਾਬਕ ਸਿਲੈਕਟ ਕਮੇਟੀ ਲਈ ਨਾਮ ਦੀ ਸਿਫਾਰਿਸ਼ ਕਰਨ ਵਾਸਤੇ ਨਾ ਤਾਂ ਕਿਸੇ ਮੈਂਬਰ ਦੀ ਸਹਿਮਤੀ ਤੇ ਨਾ ਹੀ ਹਸਤਾਖਰਾਂ ਦੀ ਲੋੜ ਹੁੰਦੀ ਹੈ।
ਸ੍ਰੀ ਚੱਢਾ ਨੇ ਆਪਣੇ ’ਤੇ ਲੱਗੇ ਦੋਸ਼ਾਂ ਨੂੰ ਬੇਬੁਨਿਆਦ ਦੱਸਦੇ ਹੋਏ ਸਵਾਲ ਕੀਤਾ ਕਿ ਜਦੋਂ ਕਿਸੇ ਦੇ ਦਸਤਖ਼ਤ ਲੈ ਕੇ ਜਮ੍ਹਾਂ ਹੀ ਨਹੀਂ ਕਰਵਾਏ ਗਏ ਤਾਂ ਜਾਅਲਸਾਜ਼ੀ ਦਾ ਸਵਾਲ ਕਿਵੇਂ ਪੈਦਾ ਹੁੰਦਾ ਹੈ। ਉਨ੍ਹਾਂ ਕਿਹਾ, ‘‘ਮੈਂ ਭਾਜਪਾ ਨੂੰ ਚੁਣੌਤੀ ਦਿੰਦਾ ਹਾਂ ਕਿ ਉਹ ਕਾਗ਼ਜ਼ ਦਿਖਾਏ, ਜਿਨ੍ਹਾਂ ’ਤੇ ਜਾਅਲੀ ਦਸਤਖਤ ਹਨ। ਮੇਰੇ ਵਿਰੁੱਧ ਸ਼ਿਕਾਇਤਾਂ ਬਾਰੇ ਸੰਸਦੀ ਬੁਲੇਟਿਨ ਵਿੱਚ ਜਾਅਲੀ ਦਸਤਖਤਾਂ ਦਾ ਕੋਈ ਜ਼ਿਕਰ ਨਹੀਂ ਹੈ।।’’ ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਉਨ੍ਹਾਂ ਦੇ ਪਿੱਛੇ ਲੱਗੀ ਹੋਈ ਹੈ ਕਿਉਂਕਿ ਉਨ੍ਹਾਂ ਨੇ ਪਾਰਟੀ ਦੇ ਦੋਹਰੇ ਮਾਪਦੰਡਾਂ ਨੂੰ ਬੇਨਕਾਬ ਕੀਤਾ ਹੈ।
ਇਸ ਮੌਕੇ ਹਾਜ਼ਰ ‘ਆਪ’ ਦੇ ਰਾਜ ਸਭਾ ਮੈਂਬਰ ਸੰਜੈ ਸਿੰਘ ਨੇ ਦੋਸ਼ ਲਾਇਆ ਕਿ ਮੋਦੀ ਸਰਕਾਰ ਨੇ ਇਸ ਵਿਰੁੱਧ ਬੋਲਣ ਵਾਲੇ ਮੈਂਬਰਾਂ ਨੂੰ ਸਦਨ ਤੋਂ ਮੁਅੱਤਲ ਕਰਨ ਦੀ ਨਵੀਂ ਰਵਾਇਤ ਸ਼ੁਰੂ ਕੀਤੀ ਹੈ। ਉਨ੍ਹਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ’ਤੇ ਸਦਨ ਵਿੱਚ ਝੂਠ ਬੋਲਣ ਦਾ ਦੋਸ਼ ਵੀ ਲਗਾਇਆ। ਉਨ੍ਹਾਂ ਦੋਸ਼ ਲਾਇਆ ਕਿ ਗ੍ਰਹਿ ਮੰਤਰੀ ਦਾ ਇੱਕੋ-ਇੱਕ ਉਦੇਸ਼ ਚੱਢਾ ਨੂੰ ਰਾਜ ਸਭਾ ਤੋਂ ਅਯੋਗ ਠਹਿਰਾਉਣਾ ਹੈ ਜਿਵੇਂ ਕਿ ਲੋਕ ਸਭਾ ਵਿੱਚ ਕਾਂਗਰਸੀ ਆਗੂ ਰਾਹੁਲ ਗਾਂਧੀ ਦੇ ਮਾਮਲੇ ਵਿੱਚ ਕੀਤਾ ਗਿਆ ਸੀ।