ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਨੂੰ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਉਤੇ ਜ਼ੋਰਦਾਰ ਹਮਲਾ ਬੋਲਦਿਆਂ ਦੋਸ਼ ਲਾਇਆ ਕਿ ਉਨ੍ਹਾਂ ਨੂੰ ਇਸ ਕਾਰਨ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜਿਆ ਗਿਆ ਸੀ ਕਿਉਂਕਿ ਹਾਕਮ ਪਾਰਟੀ ਉਨ੍ਹਾਂ ਨੂੰ ‘ਚੋਰ’ ਵਜੋਂ ਪੇਸ਼ ਕਰਨਾ ਚਾਹੁੰਦੀ ਸੀ, ਜਦੋਂਕਿ ਹਕੀਕਤ ਵਿਚ ਉਨ੍ਹਾਂ ਦੇ ‘ਕੱਟੜ ਤੋਂ ਕੱਟੜ’ ਦੁਸ਼ਮਣ ਨੂੰ ਵੀ ਪਤਾ ਹੈ ਕਿ ਉਹ ਭ੍ਰਿਸ਼ਟ ਨਹੀਂ ਹਨ।
ਦਿੱਲੀ ਦੇ ਸਾਬਕਾ ਮੁੱਖ ਮੰਤਰੀ ਨੇ ਹਰਿਆਣਾ ਦੇ ਸਿਰਸਾ ਜ਼ਿਲ੍ਹੇ ਦੇ ਰਾਣੀਆ ਹਲਕੇ ਵਿਚ ਪਾਰਟੀ ਉਮੀਦਵਾਰ ਹਰਪਿੰਦਰ ਸਿੰਘ ਦੇ ਹੱਕ ਵਿਚ ਰੋਡ ਸ਼ੋਅ ਕੀਤਾ। ਹਰਿਆਣਾ ਵਿਧਾਨ ਸਭਾ ਦੀ ਚੋਣ ਲਈ 5 ਅਕਤੂਬਰ ਨੂੰ ਵੋਟਾਂ ਪੈਣੀਆਂ ਹਨ। ਰੋਡ ਸ਼ੋਅ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਨੂੰ ਬਿਨਾਂ ਕਿਸੇ ਕਾਰਨ ਸਾਢੇ ਪੰਜ ਮਹੀਨੇ ਜੇਲ੍ਹ ਵਿਚ ਕੱਟਣੇ ਪਏ। ਉਨ੍ਹਾਂ ਸਵਾਲ ਕੀਤਾ, ‘‘ਮੇਰਾ ਕਸੂਰ ਕੀ ਸੀ? ਮੇਰਾ ਕਸੂਰ ਸੀ 10 ਸਾਲਾਂ ਤੱਕ ਦਿੱਲੀ ਦਾ ਮੁੱਖ ਮੰਤਰੀ ਰਹਿਣਾ, ਜਿਥੇ ਮੈਂ ਗ਼ਰੀਬਾਂ ਦੇ ਬੱਚਿਆਂ ਲਈ ਵਧੀਆ ਸਕੂਲ ਬਣਵਾਏ। ਪਹਿਲਾਂ ਦਿੱਲੀ ਵਿਚ 7-8 ਘੰਟਿਆਂ ਤੱਕ ਦੇ ਬਿਜਲੀ ਕੱਟ ਲੱਗਦੇ ਸਨ, ਪਰ ਹੁਣ ਉਥੇ ਕਰੀਬ ਹਰ ਸਮੇਂ ਬਿਜਲੀ ਮਿਲਦੀ ਹੈ। ਮੇਰਾ ਕਸੂਰ ਇਹ ਸੀ ਕਿ ਮੈਂ ਦਿੱਲੀ ਅਤੇ ਪੰਜਾਬ ਵਿਚ ਬਿਜਲੀ ਮੁਫ਼ਤ ਕਰ ਦਿੱਤੀ ਹੈ।’’
ਭਾਜਪਾ ਉਤੇ ਜ਼ੋਰਦਾਰ ਨਿਸ਼ਾਨੇ ਸੇਧਦਿਆਂ ਉਨ੍ਹਾਂ ਕਿਹਾ, ‘‘ਮੈਨੂੰ ਇਸ ਕਾਰਨ ਜੇਲ੍ਹ ਵਿਚ ਸੁੱਟਿਆ ਗਿਆ ਕਿ ਵੋ ਮੇਰੀ ਈਮਾਨਦਾਰੀ ਪੇ ਚੋਟ ਕਰਨਾ ਚਾਹਤੇ ਹੈਂ।’’ ਉਨ੍ਹਾਂ ਕਿਹਾ ਕਿ ਪਰ ਲੋਕ ਜਾਣਦੇ ਹਨ ਕਿ ਉਹ ‘ਚੋਰ’ ਨਹੀਂ ਹਨ।