ਪਟਨਾ, 23 ਜੂਨ
ਕਾਂਗਰਸ ਸਣੇ 17 ਵਿਰੋਧੀ ਪਾਰਟੀਆਂ ਦੀ ਅੱਜ ਇੱਥੇ ਹੋਈ ਮੀਟਿੰਗ ਵਿੱਚ ਭਾਜਪਾ ਨੂੰ ਸੱਤਾ ਤੋਂ ਲਾਂਭੇ ਕਰਨ ਲਈ 2024 ਦੀਆਂ ਲੋਕ ਸਭਾ ਚੋਣਾਂ ਮਿਲ ਕੇ ਲੜਨ ਦਾ ਅਹਿਦ ਲਿਆ ਗਿਆ ਹੈ। ਵਿਰੋਧੀ ਧਿਰਾਂ ਨੇ ਕਿਹਾ ਕਿ ਉਹ ਆਪਣੇ ਵੱਖਰੇਵਿਆਂ ਨੂੰ ਲਾਂਭੇ ਰੱਖ ਕੇ ਲਚਕੀਲੀ ਪਹੁੰਚ ਤੇ ਆਪਸੀ ਸਹਿਯੋਗ ਨਾਲ ਇਕ ਦੂਜੇ ਨਾਲ ਕੰਮ ਕਰਨਗੀਆਂ। ਪਾਰਟੀਆਂ ਨੇ ਕਿਹਾ ਕਿ ਉਹ ਸਾਂਝੀ ਰਣਨੀਤੀ ਘੜਨ ਲਈ 10 ਜਾਂ 12 ਜੁਲਾਈ ਨੂੰ ਸ਼ਿਮਲਾ ਵਿੱਚ ਮੀਟਿੰਗ ਕਰਨਗੀਆਂ। ਲਗਪਗ ਚਾਰ ਘੰਟੇ ਤੱਕ ਚੱਲੀ ਮੀਟਿੰਗ, ਜਿਸ ਵਿੱਚ ਇਨ੍ਹਾਂ ਪਾਰਟੀਆਂ ਦੇ ਆਗੂਆਂ ਨੇ ਆਪੋ ਆਪਣੇ ਵਿਚਾਰ ਰੱਖੇ, ਮਗਰੋਂ ਸਾਂਝੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਕਿਹਾ ਕਿ ਭਾਜਪਾ ਦੇ ਟਾਕਰੇ ਲਈ ਇਕਜੁੱਟ ਹੋ ਕੇ ਲੜਨ ਦੀ ਯੋਜਨਾ ਨੂੰ ਅੰਤਿਮ ਰੂਪ ਦੇਣ ਲਈ ਵਿਰੋਧੀ ਧਿਰਾਂ ਅਗਲੇ ਦਿਨਾਂ ਵਿੱਚ ਮੀਟਿੰਗ ਕਰਨਗੀਆਂ। ਮੀਟਿੰਗ ਦੀ ਮੇਜ਼ਬਾਨੀ ਕਰਨ ਵਾਲੇ ਨਿਤੀਸ਼ ਕੁਮਾਰ ਨੇ ਕਿਹਾ, ‘‘ਮੀਟਿੰਗ ਸਾਜ਼ਗਾਰ ਰਹੀ ਤੇ ਇਸ ਦੌਰਾਨ ਕਈ ਆਗੂਆਂ ਨੇ ਆਪਣੇ ਵਿਚਾਰ ਰੱਖੇ। 17 ਪਾਰਟੀਆਂ ਨੇ ਮਿਲ ਕੇ ਕੰਮ ਕਰਨ ਤੇ ਇਕਜੁੱਟ ਹੋ ਕੇ ਲੋਕ ਸਭਾ ਚੋਣਾਂ ਲੜਨ ਦਾ ਫੈਸਲਾ ਕੀਤਾ ਹੈ।’’ ਕੁਮਾਰ ਨੇ ਕਿਹਾ ਕਿ ਉਹ ਦੇਸ਼ ਹਿੱਤ ਵਿੱਚ ਕੰਮ ਕਰ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਭਾਰਤ ਦੇ ਇਤਿਹਾਸ ਨੂੰ ਬਦਲਣ ਦੀਆਂ ਕੋਸ਼ਿਸ਼ਾਂ ਕਰ ਕੇ ਦੇਸ਼ ਹਿੱਤ ਖਿਲਾਫ਼ ਕੰਮ ਕਰ ਰਹੀ ਹੈ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਐਲਾਨ ਕੀਤਾ ਕਿ ਵਿਰੋਧੀ ਧਿਰਾਂ ਦੀ ਅਗਲੀ ਮੀਟਿੰਗ ਸ਼ਿਮਲਾ ਵਿਚ ਹੋਵੇਗੀ। ਉਨ੍ਹਾਂ ਕਿਹਾ, ‘‘ਅਸੀਂ ਇਕ ਸਾਂਝਾ ਏਜੰਡਾ ਤਿਆਰ ਕਰਨ ਦਾ ਫੈਸਲਾ ਕੀਤਾ ਹੈ ਤੇ ਅਸੀਂ ਅਗਲੀ ਮੀਟਿੰਗ ਵਿੱਚ ਅੱਗੋਂ ਦੀ ਰਣਨੀਤੀ ਘੜਾਂਗੇ।’’
ਕਾਂਗਰਸ ਪ੍ਰਧਾਨ ਨੇ ਕਿਹਾ, ‘‘ਸਾਨੂੰ ਹਰ ਰਾਜ ਲਈ ਵੱਖਰੀਆਂ ਵਿਉਂਤਾਂ ਘੜਨੀਆਂ ਹੋਣਗੀਆਂ ਤੇ ਅਸੀਂ ਕੇਂਦਰ ਦੀ ਸੱਤਾ ਤੋਂ ਭਾਜਪਾ ਨੂੰ ਲਾਂਭੇ ਕਰਨ ਲਈ ਮਿਲ ਕੇ ਕੰਮ ਕਰਾਂਗੇ।’’ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ, ‘‘ਸਾਡੇ ਆਪਸ ਵਿੱਚ ਕੁਝ ਵੱਖਰੇਵੇਂ ਹੋ ਸਕਦੇ ਹਨ, ਪਰ ਅਸੀਂ ਲਚਕੀਲੀ ਪਹੁੰਚ ਨਾਲ ਮਿਲ ਕੇ ਕੰਮ ਕਰਨ ਦਾ ਫੈਸਲਾ ਕੀਤਾ ਹੈ। ਅਸੀਂ ਆਪਣੀ ਵਿਚਾਰਧਾਰਾ ਨੂੰ ਬਚਾਉਣ ਲਈ ਕੰਮ ਕਰਾਂਗੇ।’’ ਇਥੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਸਰਕਾਰੀ ਰਿਹਾਇਸ਼ ’ਤੇ ਹੋਈ ਮੀਟਿੰਗ ਵਿੱਚ 32 ਪਾਰਟੀਆਂ ਦੇ ਆਗੂ ਸ਼ਾਮਲ ਹੋਏ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਤੇ ਤ੍ਰਿਣਮੂਲ ਕਾਂਗਰਸ ਆਗੂ ਮਮਤਾ ਬੈਨਰਜੀ ਨੇ ਕਿਹਾ ਕਿ ਵਿਰੋਧੀ ਧਿਰਾਂ ਦੀ ਪਹਿਲੀ ਮੀਟਿੰਗ ਪਟਨਾ ਵਿੱਚ ਰੱਖੀ ਗਈ ਕਿਉਂਕਿ ‘ਜਿਹੜੀ ਵੀ ਚੀਜ਼ ਪਟਨਾ ਤੋਂ ਸ਼ੁਰੂ ਹੋਈ, ਉਸ ਨੇ ਜਨ ਅੰਦੋਲਨ ਦਾ ਆਕਾਰ ਲਿਆ।’’ ਉਨ੍ਹਾਂ ਕਿਹਾ, ‘‘ਜੇਕਰ ਇਸ ਤਾਨਾਸ਼ਾਹ ਸਰਕਾਰ (ਐੱਨਡੀਏ) ਦੀ ਐਤਕੀਂ ਵਾਪਸੀ ਹੋਈ, ਤਾਂ ਭਵਿੱਖ ਵਿੱਚ ਕੋਈ ਚੋਣਾਂ ਨਹੀਂ ਹੋਣਗੀਆਂ।’’ ਬੈਨਰਜੀ ਨੇ ਕਿਹਾ, ‘‘ਅਸੀਂ ਸਾਰੇ ਇਕਜੁੱਟ ਹਾਂ ਤੇ ਭਾਜਪਾ ਖਿਲਾਫ਼ ਮਿਲ ਕੇ ਲੜਾਂਗੇ।’’ ਟੀਐੱਮਸੀ ਸੁਪਰੀਮੋ ਨੇ ਕਿਹਾ, ‘‘ਭਾਜਪਾ ਇਤਿਹਾਸ ਬਦਲਣਾ ਚਾਹੁੰਦੀ ਹੈ, ਪਰ ਅਸੀਂ ਯਕੀਨੀ ਬਣਾਵਾਂਗੇ ਕਿ ਇਤਿਹਾਸ ਬਚਿਆ ਰਹੇ।’’ ਬੈਨਰਜੀ ਨੇ ਜ਼ੋਰ ਕੇ ਆਖਿਆ ਕਿ ਉਹ ਵਿਰੋਧੀ ਪਾਰਟੀਆਂ ਨਹੀਂ ਬਲਕਿ ਦੇਸ਼ ਦੇ ਨਾਗਰਿਕ ਹਨ, ਜੋ ਦੇਸ਼ ਭਗਤ ਤੇ ‘ਭਾਰਤ ਮਾਤਾ’ ਨੂੰ ਪਿਆਰ ਕਰਦੇ ਹਨ। ਐੱਨਸੀਪੀ ਸੁਪਰੀਮੋ ਸ਼ਰਦ ਪਵਾਰ ਨੇ ਕਿਹਾ ਕਿ ਜੈਪ੍ਰਕਾਸ਼ ਦੇ ਅੰਦੋਲਨ ਵਾਂਗ ‘ਸਾਡੇ ਸਾਂਝੇ ਫਰੰਟ ਨੂੰ ਵੀ ਲੋਕਾਂ ਦਾ ਆਸ਼ੀਰਵਾਦ ਮਿਲੇਗਾ।’’ ਸਮਾਜਵਾਦੀ ਪਾਰਟੀ ਦੇ ਆਗੂ ਅਖਿਲੇਸ਼ ਯਾਦਵ ਨੇ ਮੀਟਿੰਗ ਵਿੱਚ ਪੁੱਜੇ ਆਗੂਆਂ ਦਾ ਧੰਨਵਾਦ ਕਰਦਿਆਂ ਕਿਹਾ, ‘‘ਪਟਨਾ ਮੀਟਿੰਗ ਤੋਂ ਜਾਣ ਵਾਲਾ ਸੁਨੇਹਾ ਸਾਡੇ ਸਾਰਿਆਂ ਲਈ ਸਪੱਸ਼ਟ ਹੈ ਕਿ ਇਸ ਦੇਸ਼ ਨੂੰ ਬਚਾਉਣ ਲਈ ਸਾਨੂੰ ਸਾਰਿਆਂ ਨੂੰ ਮਿਲ ਕੇ ਕੰਮ ਕਰਨ ਦੀ ਲੋੜ ਹੈ।’’ ਝਾਰਖੰਡ ਦੇ ਮੁੱਖ ਮੰਤਰੀ ਤੇ ਜੇਐੱਮਐੱਮ ਮੁਖੀ ਹੇਮੰਤ ਸੋਰੇਨ ਨੇ ਕਿਹਾ ਕਿ ਅੱਜ ਦੀ ਸ਼ੁਰੂਆਤ ਦੇਸ਼ ਲਈ ਮੀਲਪੱਥਰ ਸਾਬਤ ਹੋਵੇਗੀ ਤੇ ਸਾਰੇ ਆਗੂ ਸਕਾਰਾਤਮਕ ਸੋਚ ਨਾਲ ਅੱਗੇ ਵਧਣਗੇ।
ਆਰਜੇਡੀ ਆਗੂ ਤੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਨੇ ਕਿਹਾ ਕਿ ‘ਦੇਸ਼ ਦੇ ਲੋਕ ਚਾਹੁੰਦੇ ਹਨ ਕਿ ਅਸੀਂ ਭਾਜਪਾ ਤੇ ਆਰਐੱਸਐੱਸ ਖਿਲਾਫ਼ ਮਿਲ ਕੇ ਲੜੀਏ।’ ਯਾਦਵ ਨੇ ਕਿਹਾ, ‘‘ਪ੍ਰਧਾਨ ਮੰਤਰੀ ਅਮਰੀਕਾ ਵਿੱਚ ਚੰਦਨ ਵੰਡਦੇ ਫਿਰ ਰਹੇ ਹਨ, ਜਦੋਂ ਕਿ ਦੇਸ਼ ਕਈ ਮੁਸ਼ਕਲਾਂ ’ਚ ਘਿਰਿਆ ਹੈ। ਯਾਦਵ ਨੇ ਜ਼ੋਰ ਦੇ ਆਖਿਆ ਕਿ ‘ਮੈਂ ਹੁਣ ਫਿਟ ਹਾਂ ਤੇ ਉਸ (ਮੋਦੀ) ਨਾਲ ਮੱਥਾ ਲਾ ਸਕਦਾ ਹਾਂ। ਸਾਨੂੰ ਮਿਲ ਕੇ ਲੜਨਾ ਹੋਵੇਗਾ।’’ ਸੀਪੀਐੱਮ ਆਗੂ ਸੀਤਾਰਾਮ ਯੇਚੁਰੀ ਨੇ ਕਿਹਾ ਕਿ ਇਥੇ ਮੁੱਖ ਮਸਲਾ ਦੇਸ਼ ਦੇ ਧਰਮਨਿਰਪੱਖ ਜਮਹੂਰੀ ਕਿਰਦਾਰ ਦੀ ਸੁਰੱਖਿਆ ਯਕੀਨੀ ਬਣਾਉਣਾ ਹੈ, ਜਿਸ ਨੂੰ ‘ਭਾਜਪਾ ਬਦਲਣਾ ਚਾਹੁੰਦੀ’ ਹੈ। ਸੀਪੀਆਈ ਆਗੂ ਡੀ.ਰਾਜਾ ਨੇ ਕਿਹਾ ਕਿ ਭਾਜਪਾ ਦਾ ਨੌਂ ਸਾਲ ਦਾ ਸ਼ਾਸਨ ਸਾਡੇ ਦੇਸ਼ ਦੇ ਸੰਵਿਧਾਨ ਲਈ ‘ਤਬਾਹਕੁਨ ਤੇ ਹਾਨੀਕਾਰਕ’ ਬਣ ਗਿਆ ਹੈ। ਪੀਡੀਪੀ ਆਗੂ ਮਹਿਬੂਬਾ ਮੁਫ਼ਤੀ ਨੇ ਕਿਹਾ, ‘‘ਅਸੀਂ ਗਾਂਧੀ ਦੇ ਭਾਰਤ ਨੂੰ ਗੋਡਸੇ ਦਾ ਦੇਸ਼ ਨਹੀਂ ਬਣਨ ਦੇ ਸਕਦੇ।’’ ਪ੍ਰੈੱਸ ਕਾਨਫਰੰਸ ਦੌਰਾਨ ਕੇਜਰੀਵਾਲ, ਭਗਵੰਤ ਮਾਨ ਅਤੇ ਤਾਮਿਲ ਨਾਡੂ ਦੇ ਮੁੱਖ ਮੰਤਰੀ ਐੱਮ ਕੇ ਸਟਾਲਿਨ ਹਾਜ਼ਰ ਨਹੀਂ ਸਨ।