ਚੀਮਾ ਮੰਡੀ, ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਨਿੱਜੀ ਰਾਇ ਦਿੰਦਿਆਂ ਕਿਹਾ ਕਿ ਦੇਸ਼ ਦੇ ਹਿੱਤਾਂ ਲਈ ਭਾਜਪਾ ਨੂੰ ਸੱਤਾ ਤੋਂ ਲਾਂਭੇ ਕਰਨ ਵਾਸਤੇ ਧਰਮ ਨਿਰਪੱਖ ਪਾਰਟੀਆਂ ਨੂੰ ਗੱਠਜੋੜ ਕਰਨਾ ਚਾਹੀਦਾ ਹੈ ਤਾਂ ਜੋ ਦੇਸ਼ ਵਿੱਚ ਲੋਕਤੰਤਰ ਦੇ ਘਾਣ ਨੂੰ ਰੋਕਿਆ ਜਾ ਸਕੇ। ਉਹ ਇੱਥੇ ਬਲਰਾਮ ਕ੍ਰਿਸ਼ਨ ਗਊਸ਼ਾਲਾ ਵਿੱਚ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ।
ਸ੍ਰੀ ਮਾਨ ਨੇ ਕਿਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੋਣਾਂ ਤੋਂ ਪਹਿਲਾਂ ਦੇਸ਼ ਦੇ ਲੋਕਾਂ ਨੂੰ ਜਿਹੜੇ ਸੁਪਨੇ ਦਿਖਾਏ ਸਨ, ਉਨ੍ਹਾਂ ਵਿੱਚੋਂ ਇੱਕ ਵੀ ਪੂਰਾ ਨਹੀਂ ਹੋਇਆ, ਪਰ ਕੁਝ ਵੱਡੇ ਘਰਾਣਿਆਂ ਦੇ ਸੁਪਨੇ ਮੋਦੀ ਰਾਜ ਵਿੱਚ ਪੂਰੇ ਹੋ ਗਏ ਹਨ, ਜਿਨ੍ਹਾਂ ਵੱਲੋਂ ਦੇਸ਼ ਨੂੰ ਬੁਰੀ ਤਰ੍ਹਾਂ ਲੁੱਟਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਨੌਜਵਾਨਾਂ ਨੂੰ ਰੁਜ਼ਗਾਰ ਦੇਣ, ਸਵਾਮੀਨਾਥਨ ਰਿਪੋਰਟ ਲਾਗੂ ਕਰਨ ਤੇ ਕਾਲਾ ਧਨ ਵਾਪਸ ਲਿਆਉਣ ਦੇ ਕੀਤੇ ਵਾਅਦੇ ਕਿੱਥੇ ਚਲੇ ਗਏ ? ਉਨ੍ਹਾਂ ਕਿਹਾ ਕਿ ਭਾਰਤ ਅਜੇ ਤੱਕ ਨੋਟਬੰਦੀ ਦੀ ਮਾਰ ’ਚੋਂ ਨਹੀਂ ਨਿਕਲ ਸਕਿਆ ਹੈ। ਸ੍ਰੀ ਮਾਨ ਨੇ ਕਿਹਾ ਕਿ ਨਰਿੰਦਰ ਮੋਦੀ ਨੇ ਵਪਾਰੀਆਂ ਦੇ ਅਜਿਹੇ ਅੱਛੇ ਦਿਨ ਅਜਿਹੇ ਲਿਆਂਦੇ ਹਨ ਕਿ ਉਨ੍ਹਾਂ ਲਈ ਜੀਐੱਸਟੀ ਇੱਕ ਪਹੇਲੀ ਬਣ ਕੇ ਰਹਿ ਗਿਆ ਹੈ। ਜਦੋਂ ਉਨ੍ਹਾਂ ਨੂੰ ਹਰਸਿਮਰਤ ਕੌਰ ਬਾਦਲ ਵੱਲੋਂ ਦਿੱਤੇ ਬਿਆਨ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਨੂੰ ਸੁਪਨੇ ਵਿੱਚ ਵੀ ਭਗਵੰਤ ਮਾਨ ਹੀ ਦਿਸਦਾ ਹੈ। ਉਨ੍ਹਾਂ ਹਰਸਿਮਰਤ ਬਾਦਲ ਨੂੰ ਸੰਗਰੂਰ ਤੋਂ ਚੋਣ ਲੜਨ ਦਾ ਸੱਦਾ ਦਿੱਤਾ। ਇਸ ਮੌਕੇ ਉਨ੍ਹਾਂ ਗਊਸ਼ਾਲਾ ਦੀ ਚਾਰਦੀਵਾਰੀ ਲਈ ਪੰਜ ਲੱਖ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ। ਇਸ ਮੌਕੇ ਗਿਆਨ ਮਾਨ, ਨਵਨੀਤ ਸਿੰਘ ਬੀਰ ਖੁਰਦ, ਨਿਰਭੈ ਸਿੰਘ ਮਾਨ, ਗੁਰਦੇਵ ਸਿੰਘ ਜੇਈ, ਧਰਮਪਾਲ ਜਿੰਦਲ, ਬੀਰਬਲ ਦਾਸ ਤੋਲਾਵਾਲ ਆਦਿ ਹਾਜ਼ਰ ਸਨ।