ਰਾਜਪੁਰਾ, 8 ਸਤੰਬਰ
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਕ੍ਰਿਸ਼ਨ ਜਨਮ ਅਸ਼ਟਮੀ ਮੌਕੇ ਸੂਬੇ ਭਰ ਦੇ ਸਾਰੇ 117 ਹਲਕਿਆਂ ਵਿੱਚ ਪਾਰਟੀ ਕੇਡਰਾਂ ਅਤੇ ਵਰਕਰਾਂ ਨਾਲ ਜੁੜਨ ਲਈ ‘ਚਰਚਾ ਪੰਜਾਬ ਦੀ’ ਮੁਹਿੰਮ ਦੀ ਸ਼ੁਰੂਆਤ ਰਾਜਪੁਰਾ ਹਲਕੇ ਤੋਂ ਕੀਤੀ ਹੈ। ਇਥੇ ਪ੍ਰੋਗਰਾਮ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਦੀ ਅਗਵਾਈ ਹੇਠ ਕਰਵਾਇਆ ਗਿਆ। ਭਾਰਤ ਬਨਾਮ ਇੰਡੀਆ ਮੁੱਦੇ ’ਤੇ ਉਨ੍ਹਾਂ ਕਿਹਾ ਕਿ ਇੰਡੀਆ ਗੱਠਜੋੜ ਤੋਂ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੰਡੀਆ ਸ਼ਬਦ ਤੋਂ ਨਫ਼ਰਤ ਹੋ ਗਈ ਜਦਕਿ ਸੰਵਿਧਾਨ ’ਤੇ ਪਹਿਲਾ ਸ਼ਬਦ ਇੰਡੀਆ-ਭਾਰਤ ਲਿਖਿਆ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਲੋਕ ਭਾਜਪਾ ਨੂੰ ਲਾਹਨਤਾਂ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਇੰਡੀਆ ਗੱਠਜੋੜ ਨੇ ਬੀਜੇਪੀ ਨੂੰ ਕਮਜ਼ੋਰ ਕਰ ਦਿੱਤਾ ਹੈ ਅਤੇ ਆਗਾਮੀ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਇੰਡੀਆ ਗੱਠਜੋੜ ਭਾਜਪਾ ਨੂੰ ਕੇਂਦਰੀ ਸੱਤਾ ’ਚੋਂ ਚੱਲਦਾ ਕਰੇਗਾ।
ਵੜਿੰਗ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਲੋਕਾਂ ਦੇ ਵਿਚਾਰਾਂ ਨੂੰ ਸਮਝਣ ਲਈ ਜਨਤਕ ਮੀਟਿੰਗਾਂ ਕੀਤੀਆਂ ਜਾਣਗੀਆਂ। ਉਹ ਲੋਕ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਦੀ ਮਜ਼ਬੂਤੀ ਲਈ ਹਰ ਹਲਕੇ ਵਿੱਚ ਪਾਰਟੀ ਵਰਕਰਾਂ ਅਤੇ ਮੋਰਚਿਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀਆਂ ਚਿੰਤਾਵਾਂ ਨੂੰ ਸਮਝਣ, ਉਨ੍ਹਾਂ ਦੇ ਸੁਝਾਅ ਨੂੰ ਧਿਆਨ ਵਿੱਚ ਰੱਖਣ ਅਤੇ ਉਸ ਅਨੁਸਾਰ ਨੀਤੀਆਂ ਬਣਾਉਣ ਲਈ ਵੀ ਵਿਚਾਰ ਕਰਨਗੇ। ਸ੍ਰੀ ਵੜਿੰਗ ਨੇ ਕਿਹਾ ਕਿ ਉਹ ਪਾਰਟੀ ਵਰਕਰਾਂ ਨਾਲ ਜੁੜਨਾ ਚਾਹੁੰਦੇ ਸੀ ਤਾਂ ਕਿ ਸੂਬੇ ਦੀਆਂ ਚੁਣੌਤੀਆਂ, ਮੁੱਦਿਆਂ ਅਤੇ ਚਿੰਤਾਵਾਂ ’ਤੇ ਚਰਚਾ ਕਰਨ ਅਤੇ ਲੋਕਾਂ ਤੋਂ ਰਾਏ ਲੈਣ ਅਤੇ ਉਨ੍ਹਾਂ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਦਾ ਇਹ ਉਨ੍ਹਾਂ ਲਈ ਵਧੀਆ ਮੌਕਾ ਹੋਵੇਗਾ। ਉਨ੍ਹਾਂ ਕਿਹਾ ਕਿ ‘ਚਰਚਾ ਪੰਜਾਬ ਦੀ’ ਕਾਂਗਰਸ ਵੱਲੋਂ ਪੰਜਾਬ ਦੇ ਸਾਰੇ 117 ਹਲਕਿਆਂ ਦੇ ਨਿਵਾਸੀਆਂ, ਪਾਰਟੀ ਕੇਡਰਾਂ ਅਤੇ ਵਰਕਰਾਂ ਤੱਕ ਪਹੁੰਚ ਕਰਕੇ ਉਨ੍ਹਾਂ ਨਾਲ ਨਿੱਜੀ ਪੱਧਰ ‘ਤੇ ਜੁੜਨਾ ਇੱਕ ਵੱਡਾ ਉਪਰਾਲਾ ਹੈ।
ਵੜਿੰਗ ਨੇ ਦੱਸਿਆ ਕਿ ‘ਚਰਚਾ ਪੰਜਾਬ ਦੀ’ ਮੁਹਿੰਮ ਪਾਰਟੀ ਦੇ ਸਾਰੇ ਵਰਕਰਾਂ ਅਤੇ ਆਗੂਆਂ ਨੂੰ ਇੱਕ ਪਲੈਟਫਾਰਮ ਪ੍ਰਦਾਨ ਕਰਨ, ਉਨ੍ਹਾਂ ਦੇ ਮਨ ਦੀ ਗੱਲ ਕਹਿਣ ਅਤੇ ਉਨ੍ਹਾਂ ਨੂੰ ਦਰਪੇਸ਼ ਸਮੱਸਿਆਵਾਂ ਅਤੇ ਹੋਰ ਗੰਭੀਰ ਮੁੱਦਿਆਂ ‘ਤੇ ਆਪਣੇ ਵਿਚਾਰ ਸਾਂਝੇ ਕਰਨ ਲਈ ਤਿਆਰ ਕੀਤੀ ਗਈ ਹੈ। ਇਸ ਮੌਕੇ ਬਲਦੇਵ ਸਿੰਘ ਗੱਦੋਮਾਜਰਾ, ਨਿਰਭੈ ਸਿੰਘ ਮਿਲਟੀ, ਨਰਿੰਦਰ ਸ਼ਾਸਤਰੀ, ਅਮਨਦੀਪ ਸਿੰਘ ਨਾਗੀ, ਯੋਗੇਸ਼ ਕੱਦ ਗੋਲਡੀ, ਵਰੁਣ ਮੁੰਡੇਜਾ, ਜਗਨੰਦਨ ਗੁਪਤਾ, ਵਿਨੈ ਨਿਰੰਕਾਰੀ ਤੇ ਹੋਰ ਵਰਕਰ ਮੌਜੂਦ ਸਨ।