ਬਠਿੰਡਾ, 26 ਦਸੰਬਰ
ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਅੱਜ ਬਠਿੰਡਾ ਪਹੁੰਚ ਗਏ ਹਨ। ਇਸ ਆਮਦ ਦੇ ਮੱਦੇਨਜ਼ਰ ਪੂਰੇ ਸ਼ਹਿਰ ਨੂੰ ਪੁਲੀਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਸ੍ਰੀ ਸ਼ਰਮਾ ਸ਼ਹਿਰ ਵਿਚ ਕਿਸੇ ਦੇ ਘਰ ਜਾਣਗੇ ਅਤੇ ਉਸ ਤੋਂ ਬਾਅਦ ਉਹ ਮਿੱਤਲ ਮਾਲ ਦੇ ਨੇੜੇ ਪਾਰਟੀ ਦੇ ਸਮਾਗਮ ਵਿਚ ਸ਼ਮੂਲੀਅਤ ਕਰਨਗੇ।
ਇਸ ਦੌਰਾਨ ਮਾਲ ਨੇੜੇ ਜਿਸ ਹੋਟਲ ਵਿੱਚ ਸ੍ਰੀ ਸ਼ਰਮਾ ਨੇ ਪਾਰਟੀ ਨੇਤਾਵਾਂ ਨਾਲ ਮੀਟਿੰਗ ਕਰਨੀ ਹੈ ਉਸ ਦੇ ਕੋਲ ਹੀ ਕਿਸਾਨਾਂ ਨੇ ਧਰਨਾ ਲਗਾ ਦਿੱਤਾ ਹੈ। ਉਹ ਭਾਜਪਾ ਤੇ ਪੰਜਾਬ ਸਰਕਾਰ ਦੇ ਨਾਲ ਨਾਲ ਪੁਲੀਸ ਖ਼ਿਲਾਫ਼ ਨਾਅਰੇਬਾਜ਼ੀ ਕਰ ਰਹੇ ਹਨ। ਬੀਤੇ ਦਿਨ ਇੱਥੇ ਭਾਜਪਾ ਦੇ ਸਮਾਗਮ ਦੌਰਾਨ ਭਾਜਪਾ ਵਰਕਰਾਂ ਅਤੇ ਕਿਸਾਨ ਅੰਦੋਲਨਕਾਰੀਆਂ ਦਰਮਿਆਨ ਮਾਹੌਲ ਕਾਫੀ ਭਖ਼ ਗਿਆ ਸੀ। ਉਸੇ ਦੇ ਮੱਦੇਨਜ਼ਰ ਪੁਲੀਸ ਵੱਲੋਂ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ। ਸਮਾਗਮ ਵਾਲੀ ਜਗ੍ਹਾ ਭਾਰੀ ਪੁਲੀਸ ਨਫ਼ਰੀ ਤਾਇਨਾਤ ਕਰਨ ਸਮੇਤ ਥਾਂ-ਥਾਂ ਮਜ਼ਬੂਤ ਬੈਰੀਕੇਡਿੰਗ ਕੀਤੀ ਗਈ ਹੈ।