ਅੰਮ੍ਰਿਤਸਰ, 14 ਜੂਨ

ਸ਼੍ਰੋਮਣੀ ਅਕਾਲੀ ਦਲ ਵੱਲੋਂ ਬਸਪਾ ਨਾਲ ਕੀਤੇ ਚੋਣ ਗੱਠਜੋੜ ਨੂੰ ਪੰਜਾਬ ਭਾਜਪਾ ਨੇ ਬੇਮੇਲ ਕਰਾਰ ਦਿੰਦਿਆਂ ਕਿਹਾ ਕਿ ਦੋਵਾਂ ਪਾਰਟੀਆਂ ਦੀ ਸਿਆਸੀ ਵਿਚਾਰਧਾਰਾ ਆਪਸ ਵਿੱਚ ਮੇਲ ਨਹੀਂ ਖਾਂਦੀ। ਪਾਰਟੀ ਨੇ ਆਗਾਮੀ ਵਿਧਾਨ ਸਭਾ ਚੋਣਾਂ ਆਪਣੇ ਦਮ ’ਤੇ ਲੜਨ ਦੀ ਗੱਲ ਵੀ ਆਖੀ ਹੈ।

ਅੱਜ ਇੱਥੇ ਭਾਜਪਾ ਦੇ ਖੰਨਾ ਸਮਾਰਕ ਦਫ਼ਤਰ ਪੁੱਜੇ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਕੁਮਾਰ ਨੇ ਕਿਹਾ ਕਿ ਅਕਾਲੀ ਦਲ ਤੇ ਬਸਪਾ ਵਿਚਾਲੇ ਪਹਿਲਾਂ ਵੀ ਸਿਆਸੀ ਗੱਠਜੋੜ ਹੋ ਚੁੱਕਾ ਹੈ, ਜੋ ਕੁਝ ਸਮੇਂ ਬਾਅਦ ਹੀ ਟੁੱਟ ਗਿਆ ਸੀ। ਸਾਬਕਾ ਅਕਾਲੀ ਦਲ-ਭਾਜਪਾ ਗੱਠਜੋੜ ਬਾਰੇ ਉਨ੍ਹਾਂ ਕਿਹਾ ਕਿ ਇਹ ਗੱਠਜੋੜ ਸਮਾਜਿਕ ਅਤੇ ਸੱਭਿਆਚਾਰਕ ਸਮਾਨਤਾ ਦਾ ਪ੍ਰਤੀਕ ਸੀ ਪਰ ਅਕਾਲੀਆਂ ਨੇ ਹੁਣ ਵੱਖਰਾ ਰਾਹ ਅਖ਼ਤਿਆਰ ਕਰ ਲਿਆ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਭਾਜਪਾ ਆਪਣੇ ਦਮ ’ਤੇ 117 ਵਿਧਾਨ ਸਭਾ ਹਲਕਿਆਂ ਵਿੱਚ ਅਗਾਮੀ ਵਿਧਾਨ ਸਭਾ ਚੋਣਾਂ ਲੜੇਗੀ। ਭਾਜਪਾ ਨਵੇਂ ਪੰਜਾਬ ਦੇ ਮਾਡਲ ਨਾਲ ਇਹ ਚੋਣਾਂ ਲੜੇਗੀ। ਉਨ੍ਹਾਂ ਕਿਹਾ ਕਿ ਭਾਜਪਾ ਅਜਿਹਾ ਨਵਾਂ ਪੰਜਾਬ ਸਿਰਜੇਗੀ, ਜੋ ਭੈਅ ਮੁਕਤ ਹੋਵੇ, ਜਿੱਥੇ ਕਾਨੂੰਨ ਦਾ ਰਾਜ ਹੋਵੇ, ਜਿਸ ਵਿੱਚ ਲੋਕ ਬਿਨਾਂ ਡਰ-ਭੈਅ ਦੇ ਜੀਅ ਸਕਣ, ਜਿੱਥੇ ਬੱਚੀਆਂ ਨਾਲ ਜਬਰ-ਜਨਾਹ ਨਾ ਹੋਵੇ, ਕਿਸਾਨ, ਦੁਕਾਨਦਾਰ ਤੇ ਵਪਾਰੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਨ ਅਤੇ ਨਸ਼ਾ ਮੁਕਤ ਤੇ ਅਮਨ ਸ਼ਾਂਤੀ ਵਾਲਾ ਪੰਜਾਬ ਹੋਵੇ। ਉਨ੍ਹਾਂ ਦਾਅਵਾ ਕੀਤਾ ਕਿ ਅਜਿਹਾ ਪੰਜਾਬ ਸਿਰਫ਼ ਭਾਜਪਾ ਹੀ ਬਣਾ ਸਕਦੀ ਹੈ। ਉਨ੍ਹਾਂ ਨੇ ਲੋਕਾਂ ਨੂੰ ਇਸ ਵਾਰ ਭਾਜਪਾ ਨੂੰ ਮੌਕਾ ਦੇਣ ਦੀ ਅਪੀਲ ਕੀਤੀ।

ਖੇਤੀ ਕਾਨੂੰਨਾਂ ਬਾਰੇ ਉਨ੍ਹਾਂ ਆਖਿਆ ਕਿ ਮੋਦੀ ਸਰਕਾਰ ਕਿਸਾਨ ਹਿਤੈਸ਼ੀ ਹੈ ਤੇ ਖੇਤੀ ਕਾਨੂੰਨ ਕਿਸਾਨਾਂ ਦੇ ਹਿੱਤ ’ਚ ਹਨ। ਭਾਜਪਾ ਆਗੂ ਅਨਿਲ ਜੋਸ਼ੀ ਤੇ ਹੋਰਨਾਂ ਵੱਲੋਂ ਕਿਸਾਨਾਂ ਦਾ ਸਮਰਥਨ ਕੀਤੇ ਜਾਣ ਬਾਰੇ ਉਨ੍ਹਾਂ ਕਿਹਾ ਕਿ ਸ੍ਰੀ ਜੋਸ਼ੀ ਨੂੰ ਜੇ ਕੋਈ ਮਾਮਲਾ ਰੱਖਣਾ ਹੈ ਤਾਂ ਉਹ ਪਾਰਟੀ ਮੰਚ ’ਤੇ ਰੱਖਣ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਅੱਜ ਵੀ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਤਿਆਰ ਹੈ ਪਰ ਕੋਈ ਵੀ ਗੱਲਬਾਤ ਸ਼ਰਤਾਂ ਦੇ ਆਧਾਰ ’ਤੇ ਨਹੀਂ ਹੁੰਦੀ।