ਬਠਿੰਡਾ, 26 ਮਈ
ਅੰਤਰਜਾਤੀ ਵਿਆਹ ਕਰਵਾਉਣ ਵਾਲੇ ਨੌਜਵਾਨ ਦੇ ਘਰ ’ਤੇ ਹਮਲਾ ਕਰਨ ਦੇ ਦੋਸ਼ ’ਚ ਭਾਰਤੀ ਜਨਤਾ ਪਾਰਟੀ ਦੇ ਸੂਬਾਈ ਸਕੱਤਰ ਸੁਖਪਾਲ ਸਿੰਘ ਸਰਾ ਨੂੰ ਅੱਜ ਸਵੇਰੇ ਕੈਨਾਲ ਕਲੋਨੀ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ। 24 ਮਈ ਨੂੰ ਸ਼ਹਿਰ ਦੇ ਮੁਸਲਿਮ ਲੜਕੇ ਨੇ ਧਰਮ ਬਦਲ ਕੇ ਸ਼ਹਿਰ ਦੀ ਹੀ ਹੋਰ ਧਰਮ ਦੀ ਲੜਕੀ ਨਾਲ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਸ਼ਾਦੀ ਕਰਵਾ ਲਈ ਸੀ। ਸੁਖਪਾਲ ਸਰਾ ਸਮੇਤ ਕੁਝ ਹਿੰਦੂ ਸੰਗਠਨ ਇਸ ਵਿਆਹ ਦੀ ਮੁਖ਼ਾਲਫ਼ਤ ਕਰ ਰਹੇ ਸਨ। ਸੋਮਵਾਰ ਨੂੰ ਉਨ੍ਹਾਂ ਕੋਤਵਾਲੀ ਪੁਲੀਸ ਸਟੇਸ਼ਨ ਦੇ ਮੁਖੀ ਨੂੰ ਮਿਲ ਕੇ ਕੁੜੀ ਨੂੰ ਵਾਪਸ ਘਰ ਭੇਜਣ ਦੀ ਮੰਗ ਕੀਤੀ ਸੀ। ਇਨ੍ਹਾਂ ਵੱਲੋਂ ਵਿਆਹ ਨੂੰ ‘ਲਵ-ਜੇਹਾਦ’ ਦਾ ਨਾਂ ਦੇ ਕੇ ਮਾਮਲੇ ਨੂੰ ਧਾਰਮਿਕ ਰੰਗਤ ਦੇਣ ਦੀ ਕੋਸ਼ਿਸ਼ ਵੀ ਕੀਤੀ ਗਈ।
ਇਸ ਤੋਂ ਕੁਝ ਸਮਾਂ ਬਾਅਦ ਹੀ ਜੋਗੀ ਨਗਰ ’ਚ ਰਹਿੰਦੇ ਲੜਕੇ ਦੇ ਘਰ ’ਤੇ ਭੀੜ ਵੱਲੋਂ ਹਿੰਸਕ ਹਮਲਾ ਕਰ ਦਿੱਤਾ ਗਿਆ। ਹਮਲੇ ’ਚ ਪੱਥਰਬਾਜ਼ੀ ਦੀ ਖੁੱਲ੍ਹ ਕੇ ਵਰਤੋਂ ਹੋਈ। ਘਟਨਾ ਸਬੰਧੀ ਵਿਆਹੁਤਾ ਲੜਕੀ ਰਵੀਨਾ ਪਤਨੀ ਦੀਪਕ ਕੁਮਾਰ ਵੱਲੋਂ ਸੁਖਪਾਲ ਸਿੰਘ ਸਰਾ, ਕਰਮਜੀਤ, ਉਸ ਦੀ ਪਤਨੀ ਸੁਨੀਤਾ ਰਾਣੀ, ਮੋਤੀ ਰਾਮ, ਰਿੰਕੂ, ਮੋਨੂੰ, ਚੀਨੂੰ ਅਤੇ ਯਾਦਵ ਖ਼ਿਲਾਫ਼ ਕੈਨਾਲ ਕਲੋਨੀ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ ਗਈ। ਪੁਲੀਸ ਨੇ ਲੰਘੀ ਰਾਤ ਇਸ ਮਾਮਲੇ ਸਬੰਧੀ ਧਾਰਾ 452, 427, 506, 120ਬੀ, 148 ਅਤੇ 149 ਤਹਿਤ ਉਕਤ ਅੱਠ ਜਣਿਆਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਸੀ।
ਅੱਜ ਐੱਸਐੱਚਓ ਕੈਨਾਲ ਕਲੋਨੀ ਸੁਨੀਲ ਕੁਮਾਰ ਸ਼ਰਮਾ ਨੇ ਸੁਖਪਾਲ ਸਰਾ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਬਾਕੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਕੋਸ਼ਿਸ਼ਾਂ ਜਾਰੀ ਹਨ।