ਮਿਊਨਿਖ਼, 30 ਮਈ
ਨੌਜਵਾਨ ਨਿਸ਼ਾਨੇਬਾਜ਼ ਮਨੂ ਭਾਕਰ ਨੇ ਅੱਜ ਇੱਥੇ ਆਈਐਸਐਸਐਫ ਵਿਸ਼ਵ ਕੱਪ ਦੇ ਮਹਿਲਾ ਦਸ ਮੀਟਰ ਏਅਰ ਪਿਸਟਲ ਮੁਕਾਬਲੇ ਵਿੱਚ ਚੌਥੇ ਸਥਾਨ ’ਤੇ ਰਹਿੰਦਿਆਂ ਭਾਰਤ ਲਈ ਨਿਸ਼ਾਨੇਬਾਜ਼ੀ ਵਿੱਚ ਸੱਤਵਾਂ ਓਲੰਪਿਕ ਕੋਟਾ ਹਾਸਲ ਕੀਤਾ। 17 ਸਾਲ ਦੀ ਮਨੂ ਨੇ ਫਾਈਨਲ ਵਿੱਚ ਓਲੰਪਿਕ ਕੋਟਾ 201.0 ਅੰਕ ਨਾਲ ਜਿੱਤਿਆ। ਸੀਨੀਅਰ ਆਲਮੀ ਟੂਰਨਾਮੈਂਟਾਂ ਵਿੱਚ ਕਈ ਤਗ਼ਮੇ ਜਿੱਤ ਚੁੱਕੀ ਮਨੂ ਕੁਆਲੀਫਾਈਕੇਸ਼ਨ ਵਿੱਚ 582 ਅੰਕ ਨਾਲ ਤੀਜੇ ਸਥਾਨ ’ਤੇ ਰਹੀ ਸੀ। ਉਸ ਨੇ ਆਖ਼ਰੀ ਦੋ ਗੇੜ ਵਿੱਚ 98 ਅੰਕ ਲਏ। ਦੋ ਦਿਨ ਪਹਿਲਾਂ ਮਨੂ ਨੂੰ ਉਸ ਸਮੇਂ ਨਮੋਸ਼ੀ ਝੱਲਣੀ ਪਈ ਸੀ, ਜਦੋਂ ਉਹ ਸ਼ਿਖਰ ’ਤੇ ਚੱਲ ਰਹੀ ਸੀ, ਪਰ ਬੰਦੂਕ ਖ਼ਰਾਬ ਹੋਣ ਕਾਰਨ ਉਸ ਨੂੰ ਪੰਜਵੇਂ ਸਥਾਨ ਨਾਲ ਸਬਰ ਕਰਨਾ ਪਿਆ। ਮਹਿਲਾ ਦਸ ਮੀਟਰ ਪਿਸਟਲ ਵਿੱਚ ਇਹ ਭਾਰਤ ਦਾ ਪਹਿਲਾ ਕੋਟਾ ਹੈ।
ਸੌਰਭ ਚੌਧਰੀ ਅਤੇ ਅਭਿਸ਼ੇਕ ਵਰਮਾ ਨੇ ਕ੍ਰਮਵਾਰ ਦਿੱਲੀ ਅਤੇ ਪੇਈਚਿੰਗ ਵਿੱਚ ਵਿਸ਼ਵ ਕੱਪ ਦੌਰਾਨ ਪੁਰਸ਼ ਦਸ ਮੀਟਰ ਏਅਰ ਪਿਸਟਲ ਮੁਕਾਬਲੇ ਵਿੱਚ ਓਲੰਪਿਕ ਕੋਟੇ ਹਾਸਲ ਕੀਤਾ। ਜੂਨੀਅਰ ਵਿਸ਼ਵ ਕੱਪ ਚੈਂਪੀਅਨ ਯਸ਼ਸਵਿਨੀ ਸਿੰਘ ਦੇਸਵਾਲ ਵੀ ਫਾਈਨਲ ਵਿੱਚ ਥਾਂ ਬਣਾਉਣ ਦੀ ਰਾਹ ’ਤੇ ਸੀ, ਪਰ ਆਖ਼ਰੀ ਸੈੱਟ ਵਿੱਚ 92 ਅੰਕਾਂ ਲੈ ਕੇ ਉਹ 574 ਅੰਕਾਂ ਨਾਲ 22ਵੇਂ ਸਥਾਨ ’ਤੇ ਖਿਸਕ ਗਈ। ਮੁਕਾਬਲੇ ਵਿੱਚ ਹਿੱਸਾ ਲੈ ਰਹੀ ਤੀਜੀ ਭਾਰਤੀ ਨਿਸ਼ਾਨੇਬਾਜ਼ ਹੀਨਾ ਸਿੱਧੂ 570 ਅੰਕਾਂ ਨਾਲ 45ਵੇਂ ਸਥਾਨ ’ਤੇ ਰਹੀ।