ਨਵੀਂ ਦਿੱਲੀ, 27 ਫਰਵਰੀ
ਭਾਰਤੀ ਨਿਸ਼ਾਨੇਬਾਜ਼ਾਂ ਮਨੂ ਭਾਕਰ ਤੇ ਹਿਨਾ ਸਿੱਧੂ ਆਈਐੱਸਐੱਸਐਫ ਵਿਸ਼ਵ ਕੱਪ ਵਿਚ ਉਮੀਦਾਂ ਮੁਤਾਬਕ ਪ੍ਰਦਰਸ਼ਨ ਕਰਨ ਵਿਚ ਨਾਕਾਮ ਰਹੀਆਂ ਹਨ। ਉਹ ਇੱਥੇ ਮੰਗਲਵਾਰ ਨੂੰ ਔਰਤਾਂ ਦੇ ਦਸ ਮੀਟਰ ਏਅਰ ਪਿਸਟਲ ਦੇ ਫਾਈਨਲ ਮੁਕਾਬਲੇ ਲਈ ਕੁਆਲੀਫਾਈ ਨਹੀਂ ਕਰ ਸਕੀਆਂ।
ਡਾ. ਕਰਨੀ ਸਿੰਘ ਸ਼ੂਟਿੰਗ ਰੇਂਜ ਵਿਚ ਚੱਲ ਰਹੇ ਮੁਕਾਬਲੇ ਵਿਚ ਗਾਇਤਰੀ ਨਿਤਯਾਨਦਮ ਤੇ ਸੁਨਿਧੀ ਚੌਹਾਨ ਵੀ ਮਹਿਲਾਵਾਂ ਦੀ 50 ਮੀਟਰ ਥ੍ਰੀ ਪੁਜ਼ੀਸ਼ਨ ਲਈ ਕੁਆਲੀਫਾਈ ਕਰਨ ਵਿਚ ਨਾਕਾਮ ਰਹੀਆਂ। ਭਾਰਤ ਦੇ ਅਨੀਸ਼ ਭਨਵਾਲਾ ਵੀ ਪੁਰਸ਼ਾਂ ਦੇ 25 ਮੀਟਰ ਰੈਪਿਡ ਫਾਇਰ ਪਿਸਟਲ ਕੁਆਲੀਫਿਕੇਸ਼ਨ ਮੁਕਾਬਲੇ ਵਿਚ ਪੰਜਵੇ ਸਥਾਨ ’ਤੇ ਰਹੇ ਅਤੇ ਮਨੂ ਤੇ ਸਿੱਧੂ ਦੇ ਰੂਪ ਵਿਚ ਭਾਰਤ ਨੂੰ ਹੋਏ ਨੁਕਸਾਨ ਦੀ ਪੂਰਤੀ ਨਹੀਂ ਕਰ ਸਕੇ। ਉਮੀਦ ਜਤਾਈ ਜਾ ਰਹੀ ਸੀ ਕਿ 17 ਸਾਲਾ ਭਾਕਰ 25 ਮੀਟਰ ਪਿਸਟਲ ਫਾਈਨਲ ਦੀ ਨਿਰਾਸ਼ਾ ਨੂੰ ਭੁਲਾ ਕੇ ਚੰਗਾ ਪ੍ਰਦਰਸ਼ਨ ਕਰੇਗੀ, ਪਰ ਉਨ੍ਹਾਂ ਨੇ ਆਸ ਮੁਤਾਬਕ ਪ੍ਰਦਰਸ਼ਨ ਨਹੀਂ ਕੀਤਾ ਤੇ ਕੁਆਲੀਫਿਕੇਸ਼ਨ ਵਿਚ 573 ਦੌੜਾਂ ਨਾਲ 14ਵੇਂ ਸਥਾਨ ’ਤੇ ਰਹੀ।
ਹੰਗਰੀ ਦੀ ਵੈਰੋਨਿਕਾ ਮੇਜਰ (245.1) ਨੇ ਦਸ ਮੀਟਰ ਏਅਰ ਪਿਸਟਲ ਵਿਚ ਸੋਨ ਤਗ਼ਮਾ ਜਿੱਤਿਆ। ਸਵਿਟਜ਼ਰਲੈਂਡ ਦੀ ਨੀਨਾ ਕ੍ਰਿਸਟੀਅਨ ਨੇ ਇਸ ਮੁਕਾਬਲੇ ਦਾ ਸੋਨ ਤਗ਼ਮਾ ਜਿੱਤਿਆ। ਸਵਿਟਜ਼ਰਲੈਂਡ ਤੇ ਚੀਨ ਨੂੰ ਇਸ ਮੁਕਾਬਲੇ ਦੇ ਦੋਵੇਂ ਉਲੰਪਿਕ ਕੋਟੇ ਹਾਸਲ ਕਰਨ ਵਿਚ ਕਾਮਯਾਬੀ ਮਿਲੀ। ਕੌਮਾਂਤਰੀ ਸ਼ੂਟਿੰਗ ਫੈਡਰੇਸ਼ਨਨੇ ਉਨ੍ਹਾਂ ਪਾਕਿ ਨਿਸ਼ਾਨੇਬਾਜ਼ਾਂ ਦਾ ਖ਼ਰਚਾ ਭਰਨ ਦਾ ਐਲਾਨ ਕੀਤਾ ਹੈ ਜਿਨ੍ਹਾਂ ਦਾ ਉਲੰਪਿਕ ਕੋਟਾ ਪੁਲਵਾਮਾ ਹਮਲੇ ਦੇ ਮੱਦੇਨਜ਼ਰ ਵਾਪਸ ਲੈ ਲਿਆ ਗਿਆ। ਇਨ੍ਹਾਂ ਨਿਸ਼ਾਨੇਬਾਜ਼ਾਂ ਦਾ ਵੀਜ਼ਾ ਖ਼ਤਮ ਕਰ ਦਿੱਤਾ ਗਿਆ ਸੀ।