ਨਵੀਂ ਦਿੱਲੀ:ਓਲੰਪਿਕ ਲਈ ਕੁਆਲੀਫਾਈ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਤਲਵਾਰਬਾਜ਼ ਭਵਾਨੀ ਦੇਵੀ ਨੇ ਫਰਾਂਸ ਵਿੱਚ ਸ਼ਾਰਲੇਵਿਲੇ ਕੌਮੀ ਟੂਰਨਾਮੈਂਟ ਵਿੱਚ ਮਹਿਲਾ ਤਲਵਾਰਬਾਜ਼ੀ ਵਿਅਕਤੀਗਤ ਵਰਗ ਵਿੱਚ ਖ਼ਿਤਾਬ ਜਿੱਤਿਆ। ਭਵਾਨੀ ਨੇ ਇਸ ਸਬੰਧੀ ਟਵੀਟ ਕਰਕੇ ਜਾਣਕਾਰੀ ਦਿੱਤੀ। ਉਸ ਨੇ ਲਿਖਿਆ, ‘‘ਫਰਾਂਸ ਵਿੱਚ ਸ਼ਾਰਲੇਵਿਲੇ ਕੌਮੀ ਟੂਰਨਟਾਮੈਂਟ ਵਿੱਚ ਮਹਿਲਾਵਾਂ ਦੇ ਤਲਵਾਰਬਾਜ਼ੀ ਵਿਅਕਤੀਗਤ ਵਰਗ ਵਿੱਚ ਜਿੱਤ ਦਰਜ ਕੀਤੀ। ਕੋਚ ਕ੍ਰਿਸਟੀਅਨ ਬਾਊਰ, ਅਰਨੌਡ ਸ਼ਨਾਈਡਰ ਅਤੇ ਸਾਰੇ ਸਾਥੀਆਂ ਦਾ ਧੰਨਵਾਦ।’’ ਟੋਕੀਓ ਵਿੱਚ ਭਵਾਨੀ ਨੇ ਰਾਊਂਡ ਆਫ਼ 64 ਦਾ ਮੁਕਾਬਲਾ ਜਿੱਤਿਆ ਸੀ, ਪਰ ਅਗਲੇ ਗੇੜ ਵਿੱਚ ਹਾਰ ਗਈ ਸੀ। ਉਹ ਇਸ ਸਮੇਂ ਵਿਸ਼ਵ ਦਰਜਾਬੰਦੀ ਵਿੱਚ 50ਵੇਂ ਨੰਬਰ ’ਤੇ ਹੈ ਅਤੇ ਇਸ ਸਮੇਂ ਏਸ਼ਿਆਈ ਖੇਡਾਂ-2022 ਦੀਆਂ ਤਿਆਰੀਆਂ ਵਿੱਚ ਲੱਗੀ ਹੋਈ ਹੈ।














