ਲਖਨਊ, 16 ਸਤੰਬਰ
ਇੱਥੇ ਐਤਵਾਰ ਨੂੰ ਮੋਰੱਕੋ ਖ਼ਿਲਾਫ਼ ਖੇਡਿਆ ਜਾਣ ਵਾਲਾ ਡੇਵਿਸ ਕੱਪ ਵਿਸ਼ਵ ਗਰੁੱਪ-2 ਦਾ ਮੁਕਾਬਲਾ ਭਾਰਤ ਲਈ ਮੁਸ਼ਕਲ ਨਹੀਂ ਹੋਵੇਗਾ ਪਰ ਇਹ ਖਾਸ ਇਸ ਲਈ ਹੈ ਕਿਉਂਕਿ ਇਹ ਰੋਹਨ ਬੋਪੰਨਾ ਦਾ ਆਖਰੀ ਡੇਵਿਸ ਕੱਪ ਹੋਵੇਗਾ। ਇਸ ਸੀਜ਼ਨ ਵਿੱਚ ਭਾਰਤੀ ਟੈਨਿਸ ਦਾ ਕੋਈ ਯਾਦਗਾਰ ਪਲ ਜ਼ਿਹਨ ’ਚ ਨਹੀਂ ਆਉਂਦਾ ਪਰ ਪਿਛਲੇ ਹਫ਼ਤੇ ਬੋਪੰਨਾ ਯੂਐੱਸ ਓਪਨ ਪੁਰਸ਼ ਡਬਲਜ਼ ਦੇ ਫਾਈਨਲ ਵਿੱਚ ਪਹੁੰਚਿਆ ਸੀ। ਬੋਪੰਨਾ 43 ਸਾਲ ਦੀ ਉਮਰ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਕਰ ਰਿਹਾ ਹੈ। ਉਸ ਦੀ ਇੱਛਾ ਅਨੁਸਾਰ ਜੇ ਉਸ ਦਾ ਆਖਰੀ ਮੈਚ ਉਸ ਦੇ ਸ਼ਹਿਰ ਬੰਗਲੂਰੂ ਵਿੱਚ ਖਿਡਾਇਆ ਜਾਂਦਾ ਤਾਂ ਚੰਗਾ ਹੁੰਦਾ। 2002 ਤੋਂ ਹੁਣ ਤੱਕ ਖੇਡੇ ਗਏ 32 ਡੇਵਿਸ ਕੱਪ ਮੈਚਾਂ ’ਚੋਂ ਬੋਪੰਨਾ ਨੇ 22 ਜਿੱਤੇ ਹਨ, ਜਿਨ੍ਹਾਂ ਵਿੱਚੋਂ ਦਸ ਸਿੰਗਲਜ਼ ਵਰਗ ਦੇ ਹਨ। ਏਆਈਟੀਏ ਨੇ ਬੀਤੀ ਰਾਤ ਇੱਕ ਵਿਸ਼ੇਸ਼ ਸਮਾਗਮ ਵਿੱਚ ਬੋਪੰਨਾ ਦਾ ਸਨਮਾਨ ਕੀਤਾ। ਉਧਰ ਸਿੰਗਲਜ਼ ਵਰਗ ਵਿੱਚ ਭਾਰਤ ਦਾ ਨੰਬਰ ਇੱਕ ਖਿਡਾਰੀ ਸੁਮਿਤ ਨਾਗਲ ਲੈਅ ਵਿੱਚ ਹੈ। ਉਹ ਆਸਟਰੀਆ ਵਿੱਚ ਚੈਲੰਜਰ ਟੂਰਨਾਮੈਂਟ ਦਾ ਫਾਈਨਲ ਖੇਡ ਕੇ ਆਇਆ ਹੈ, ਜੋ ਇਸ ਸੀਜ਼ਨ ਵਿੱਚ ਉਸ ਦਾ ਤੀਜਾ ਫਾਈਨਲ ਸੀ। ਸ਼ਸ਼ੀ ਮੁਕੁੰਦ ਭਾਰਤ ਲਈ ਪਹਿਲਾ ਮੁਕਾਬਲਾ ਖੇਡੇਗਾ। ਮੋਰੱਕੋ ਦੀ ਟੀਮ ’ਚ ਸਿਰਫ ਇਕ ਖਿਡਾਰੀ ਇਲੀਅਟ ਬੈਂਚੇਟ੍ਰਿਟ ਹੀ ਭਾਰਤ ਨੂੰ ਚੁਣੌਤੀ ਦੇ ਸਕਦਾ ਹੈ। ਉਸ ਨੇ ਸਿਖਰਲੇ 100 ਵਿੱਚ ਸ਼ਾਮਲ ਖਿਡਾਰੀਆਂ ਨੂੰ ਹਰਾਇਆ ਹੈ ਅਤੇ ਗਰੈਂਡ ਸਲੈਮ ਵੀ ਖੇਡੇ ਹਨ।