ਪਟਿਆਲਾ, 11 ਅਗਸਤ
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਰਹੇ ਭਰਤਇੰਦਰ ਸਿੰਘ ਚਾਹਲ ਦੇ ਵਿਰੁੱਧ ਆਮਦਨ ਨਾਲੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ਾਂ ਤਹਿਤ ਕੇਸ ਦਰਜ ਕਰਨ ਮਗਰੋਂ ਵਿਜੀਲੈਂਸ ਨੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਸਰਗਰਮੀਆਂ ਵਧਾ ਦਿੱਤੀਆਂ ਹਨ। ਇਸ ਤਹਿਤ ਗਠਿਤ ਕੀਤੀਆਂ ਗਈਆਂ ਟੀਮਾਂ ਵੱਲੋਂ ਉਨ੍ਹਾਂ ਦੀ ਭਾਲ ’ਚ ਪੰਜਾਬ ਸਣੇ ਹੋਰਨਾਂ ਸੂਬਿਆਂ ਵਿੱਚ ਛਾਪੇ ਮਾਰੇ ਜਾ ਰਹੇ ਹਨ। ਵਿਜੀਲੈਂਸ ਵੱਲੋਂ ਜਿਥੇ ਚਹਿਲ ਦੇ ਨੇੜਲੇ ਵਿਅਕਤੀਆਂ ’ਤੇ ਨਿਗਾਹ ਰੱਖੀ ਜਾ ਰਹੀ ਹੈ, ਉਥੇ ਗ੍ਰਿਫ਼ਤਾਰੀ ਯਕੀਨੀ ਬਣਾਉਣ ਲਈ ਉਸ ਦੇ ਸਹਿਯੋਗੀਆਂ ਨਾਲ ਰਾਬਤਾ ਬਣਾਇਆ ਹੋਇਆ ਹੈ। ਅਜਿਹੇ ਇੱੱਕ ਵਿਅਕਤੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਸ੍ਰੀ ਚਹਿਲ ਦੇ ਛੁਪੇ ਹੋਣ ਵਾਲੀਆਂ ਥਾਵਾਂ ਤੇ ਅਜਿਹੇ ਮੌਕੇ ਉਨ੍ਹਾਂ ਦੀ ਮਦਦ ਕਰ ਸਕਣ ਵਾਲੇ ਵਿਅਕਤੀਆਂ ਸਬੰਧੀ ਸੰਭਾਵਨਾਵਾਂ ਬਾਰੇ ਜਾਣਕਾਰੀ ਹਾਸਲ ਕਰਨ ਲਈ ਵਿਜੀਲੈਂਸ ਵੱਲੋਂ ਉਸ ਨਾਲ ਰਾਬਤਾ ਸਾਧਿਆ ਹੋਣ ਦੀ ਪੁਸ਼ਟੀ ਵੀ ਕੀਤੀ ਹੈ। ਜ਼ਿਕਰਯੋਗ ਹੈ ਕਿ ਵਿਜੀਲੈਂਸ ਦੇ ਉੱਚ ਅਧਿਕਾਰੀਆਂ ਵੱਲੋਂ ਇਸ ਮਾਮਲੇ ਦੀ ਜਾਂਚ ਦਾ ਕੰਮ ਵਿਜੀਲੈਂਸ ਦੇ ਡੀਐੱਸਪੀ ਸੱਤਪਾਲ ਸ਼ਰਮਾ (ਸੁਨਾਮ) ਨੂੰ ਸੌਂਪਿਆ ਗਿਆ ਸੀ। ਇਸ ਦੌਰਾਨ ਸ੍ਰੀ ਚਹਿਲ ਨੂੰ ਪੱਖ ਰੱਖਣ ਲਈ ਕਈ ਵਾਰ ਸੰਮਨ ਭੇਜੇ, ਪਰ ਵੱਖ-ਵੱਖ ਕਾਰਨ ਦੱਸਦਿਆਂ, ਉਹ ਬਹੁਤੀ ਵਾਰ ਪੇਸ਼ ਨਾ ਹੋਏ। ਅਖੀਰ ਕਿ ਭ੍ਰਿਸ਼ਟਾਚਾਰ ਵਿਰੋਧੀ ਐਕਟ ਦੀਆਂ ਧਾਰਾਵਾਂ ਤਹਿਤ 2 ਅਗਸਤ 2023 ਨੂੰ ਵਿਜੀਲੈਂਸ ਦੇ ਪਟਿਆਲਾ ਸਥਿਤ ਥਾਣੇ ’ਚ ਸ੍ਰੀ ਚਹਿਲ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ।