ਡਾ. ਮੋਹਨ ਲਾਲ
ਹੱਥਾਂ ’ਤੇ ਦਸਤਾਨੇ ਪਾ ਉਹ ਰੇਤਾ ਸੀਮਿੰਟ ਨੂੰ ਆਪਸ ਵਿਚ ਰਲਾ ਰਿਹਾ ਸੀ ਅਤੇ ਸਿਰ ’ਤੇ ਟੋਪੂ ਜਿਹਾ ਪਾਇਆ ਹੋਇਆ ਸੀ। ਇਸ ਤੋਂ ਲੱਗ ਰਿਹਾ ਸੀ ਜਿਵੇਂ ਉਸ ਨੂੰ ਪਤਾ ਹੋਵੇ ਕਿ ਮਜ਼ਦੂਰ ਨੂੰ ਕੰਮ ਕਰਨ ਸਮੇਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ। ਉਸ ਨੂੰ ਕੰਮ ਕਰਦਿਆਂ ਵੇਖ ਕੇ ਇਹ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ ਕਿ ਉਹ ਆਪਣਾ ਕੰਮ ਬੜੇ ਸਲੀਕੇ ਨਾਲ ਕਰਦਾ ਹੈ, ਉਹ ਇਸ ਕੰਮ ਵਿਚ ਵੀ ਦਿਲਚਸਪੀ ਲੈ ਰਿਹਾ ਹੈ, ਭਾਵੇਂ ਉਹ ਪੜ੍ਹਿਆ ਲਿਖਿਆ ਸੀ।
ਇਕ ਗੱਲ ਦਾ ਪਤਾ ਤਾਂ ਇਕੱਲੇ ਮਿਸਤਰੀ ਨੂੰ ਸੀ ਜਿਹੜੀ ਉਸ ਨਾਲ ਕੰਮ ਕਰਨ ਵਾਲੇ ਨੂੰ ਪਤਾ ਨਹੀਂ ਲੱਗ ਰਹੀ ਸੀ। ਉਹ ਤਾਂ ਉਸ ਦੇ ਚਿਹਰੇ ਤੋਂ ਪੜ੍ਹ ਸਕਦਾ ਸੀ ਕਿ ਅੱਜ ਉਸ ਦੇ ਚਿਹਰੇ ’ਤੇ ਉਦਾਸੀ ਤੇ ਗੁਸੈਲੀ ਨਜ਼ਰ ਕਿਉਂ ਹੈ?
‘‘ਇਸ ਦੇ ਮਨ ਵਿਚਲੀ ਗੱਲ ਮਿਸਤਰੀ ਹੀ ਪੜ੍ਹ ਸਕਦਾ ਹੈ, ਹਰ ਕੋਈ ਨਹੀਂ।’’
‘‘ਕੀ ਗੱਲ, ਅੱਜ ਉਹ ਗੱਲ ਨਜ਼ਰ ਨਹੀਂ ਆ ਰਹੀ ਤੇਰੇ ’ਚ ਰਮੇਸ਼!’’ ਮਿਸਤਰੀ ਨੇ ਕਿਹਾ।
‘‘ਸਵੇਰ ਦੀ ਤੂੰ ਕੋਈ ਗੱਲ ਨਹੀਂ ਸੁਣਾਈ, ਲੀਡਰਾਂ ਵਾਲੀ?’’ ਮਿਸਤਰੀ ਨੂੰ ਇਹ ਪਤਾ ਸੀ ਕਿ ਉਸ ਦੀਆਂ ਗੱਲਾਂ ਬੜੀਆਂ ਪਤੇ ਦੀਆਂ ਹੁੰਦੀਆਂ ਹਨ ਤੇ ਉਸ ਨੇ ਆਪਣੇ ਵਾਲ ਧੁੱਪ ਵਿਚ ਚਿੱਟੇ ਨਹੀਂ ਕੀਤੇ ਸਨ, ਉਸ ਕੋਲ ਬਹੁਤ ਕੁਝ ਹੈ, ਤਾਂ ਹੀ ਮਿਸਤਰੀ ਨੇ ਉਸ ਨੂੰ ਟਕੋਰ ਕਰਦਿਆਂ ਪੁੱਛਿਆ ਸੀ।
‘‘ਕੀ ਗੱਲ ਸੁਣਾਵਾਂ, ਤੂੰ ਦੱਸ?’’ ਮਿਸਤਰੀ ਨੂੰ ਸੰਬੋਧਨ ਹੁੰਦਿਆਂ ਰਮੇਸ਼ ਨੇ ਕਿਹਾ, “ਮੇਰਾ ਸਮਾਨ ਘਰੋਂ ਬਾਹਰ ਸੁੱਟ ਦਿੱਤਾ ਏ…’’
“ਤੇਰੇ ਆਪਣੇ ਹੀ ਘਰ ਤੋਂ ਬਾਹਰ? ਕਿਉਂ?” ਮਿਸਤਰੀ ਨੇ ਪੁੱਛਿਆ।
“ਕੀ ਦੱਸਾਂ ਬੈਠਕ ਵਿਚ ਰਹਿੰਦਾ ਹਾਂ? ਸੌ ਰੁਪਇਆ ਰੋਜ਼ ਦਾ ਦਿੰਦਾ ਹਾਂ। ਮਹੀਨੇ ਦਾ ਤਿੰਨ ਹਜ਼ਾਰ ਰੁਪਇਆ ਫਿਰ ਵੀ। ਅੱਜ ਗੁੱਸੇ ਵਿਚ ਆ ਕੇ ਮੈਨੂੰ ਕੁੱਟਿਆ ਤੇ ਮੇਰਾ ਸਮਾਨ ਬਾਹਰ ਸੁੱਟ ਦਿੱਤਾ, ਕਹਿੰਦਾ ਇੱਥੇ ਨਹੀਂ ਰਹਿਣਾ ਤੂੰ।” ‘‘ਪਰ ਗੱਲ ਤਾਂ ਕੋਈ ਹੋਊ, ਬਾਪ ਇੰਝ ਥੋੜ੍ਹਾ ਕਰਦੈ…?’’ ਮਿਸਤਰੀ ਨੇ ਕਿਹਾ। ‘‘ਕੋਈ ਗੱਲ ਜ਼ਰੂਰ ਹੋਈ ਹੋਵੇਗੀ, ਜੇ ਪੈਸੇ ਵੀ ਰੋਜ਼ ਦੇ ਰੋਜ਼ ਦਿੰਦਾ ਏਂ ਤਾਂ…’’ ਮਿਸਤਰੀ ਨੇ ਫਿਰ ਕਿਹਾ।
“ਆਹੋ, ਗੱਲ ਕੀ ਹੋਣੀ ਸੀ? ਬਸ ਘੁੱਟ ਕੁ ਲਾ ਲਈ ਰਾਤੀਂ, ਆਪ ਵੀ ਤਾਂ… ਹੁਣ ਸਾਧ ਬਣ ਗਿਆ ਹੈ,” ਰਮੇਸ਼ ਨੇ ਚਿਹਰੇ ’ਤੇ ਗੁੱਸਾ ਲਿਆਉਂਦਿਆਂ ਕਿਹਾ।
“ਜਦ ਜੇਬ੍ਹਾਂ ਭਰ ਭਰ ਲਿਆਉਂਦਾ ਸੀ ਤੇ ਨਾਲ ਬਿਠਾ ਕੇ ਪਿਲਾਉਂਦਾ ਸੀ ਤਾਂ ਉਦੋਂ ਕਹਿੰਦਾ ਹੁੰਦਾ ਸੀ, ਨੌਕਰੀ ਤਾਂ ਰਮੇਸ਼ ਦੀ, ਬਾਕੀ ਸਭ ਤਾਂ ਐਵੇਂ ਹੀ ਨੇ। ਮੇਰੀ ਨੌਕਰੀ ਹੀ ਇਹੋ ਜਿਹੀ ਸੀ, ਉਦੋਂ ਉਪਰੋਂ ਕਮਾਈ ਕਾਫ਼ੀ ਹੋ ਜਾਂਦੀ ਸੀ। ਪਰ ਜਦ ਤੋਂ ਨੌਕਰੀ ਤੋਂ ਛੁੱਟੀ ਹੋਈ, ਘਰ ਵਾਲੀ ਤੇ ਬੱਚੇ ਵੀ ਗਾਲ੍ਹਾਂ ਕੱਢ ਕੇ ਬੁਲਾਉਂਦੇ ਹਨ। ਇਹ ਹੁੰਦਿਆਂ ਸੁੰਦਿਆਂ ਵੀ ਭੁੱਖਾ ਮਾਰਨ ’ਤੇ ਤੁਲਿਆ ਏ ਮੈਨੂੰ। ਭਲਾ ਕਮੀ ਥੋੜ੍ਹਾ ਏ? ਕੀ ਕਹਾਂ…,’’ ਰਮੇਸ਼ ਨੇ ਕਿਹਾ।
‘‘ਥੋੜ੍ਹੀ ਰੋਟੀ ਮੈਨੂੰ ਵੀ ਦੇ ਦੇਣਾ ਮਿਸਤਰੀ ਜੀ ਅੱਜ। ਨਾ ਸਵੇਰੇ ਰੋਟੀ ਪਕਾਈ ਤੇ ਨਾ ਹੀ ਮੇਰੇ ਕੋਲ ਪੈਸੇ ਹਨ, ਜੇਬ ਵੀ ਖ਼ਾਲੀ ਕਰ ਦਿੱਤੀ ਉਹਨੇ,’’ ਰਮੇਸ਼ ਨੇ ਕਿਹਾ, ‘‘ਕੀ ਦੱਸਾਂ ਤੈਨੂੰ!’’ ਤੇ ਉਸ ਨੇ ਕੁਝ ਇੱਟਾਂ ਚੁੱਕ ਕੇ ਕੰਧ ਨਾਲ ਲਿਆ ਰੱਖੀਆਂ ਤੇ ਬੈਠ ਕੇ ਮਿਸਤਰੀ ਨੂੰ ਇੱਟਾਂ ਲਗਾਉਂਦਿਆਂ ਦੇਖਣ ਲੱਗਾ।