ਚੰਡੀਗੜ੍ਹ, 23 ਜੂਨ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਵਿਧਾਨ ਸਭਾ ਵਿਚ ਇਕ ਗੁਰਸਿੱਖ ਦੀ ਦਾੜ੍ਹੀ ਦਾ ਮਖੌਲ ਉਡਾਉਣ ਤੇ ਨੀਵਾਂ ਵਿਖਾਉਣ ਦੀ ਕਾਰਵਾਈ ਖਾਲਸਾ ਪੰਥ ਦੀ ਵਿਲੱਖਣ ਪਛਾਣ ’ਤੇ ਯੋਜਨਾਬੱਧ ਹਮਲਾ ਹੈ। ਉਨ੍ਹਾਂ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਸੰਧਵਾਂ ਆਪ ਅੰਮ੍ਰਿਤਧਾਰੀ ਹਨ ਪਰ ਭਗਵੰਤ ਮਾਨ ਵੱਲੋਂ ਸਿੱਖ ਧਰਮ ਦੇ ਵਿਰਸੇ ਖ਼ਿਲਾਫ਼ ਟਿੱਪਣੀ ਕਾਰਨ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਸੱਟ ਨਹੀਂ ਵੱਜੀ ਤੇ ਉਹ ਆਪਣੀ ਕੁਰਸੀ ’ਤੇ ਬੈਠੇ ਹੱਸਦੇ ਰਹੇ।