ਮਾਨਸਾ, 29 ਅਪਰੈਲ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਅੱਠਵੀਂ ਦੀ ਪ੍ਰੀਖਿਆ ’ਚ ਪਹਿਲੇ ਤਿੰਨ ਸਥਾਨ ਹਾਸਲ ਕਰਨ ਵਾਲੀਆਂ ਲੜਕੀਆਂ ਦਾ 51-51 ਹਜ਼ਾਰ ਨਾਲ ਸਨਮਾਨਿਤ ਕਰਨ ਦਾ ਐਲਾਨ ਕੀਤਾ ਹੈ। ਇਨ੍ਹਾਂ ਬੱਚੀਆਂ ’ਚੋਂ ਪਹਿਲੇ ਦੋ ਸਥਾਨ ਮਾਨਸਾ ਜ਼ਿਲ੍ਹੇ ਦੇ ਬੁਢਲਾਡਾ ਸ਼ਹਿਰ ਦੀਆਂ ਲੜਕੀਆਂ ਵੱਲੋਂ ਹਾਸਲ ਕੀਤੇ ਗਏ ਹਨ। ਮੁੱਖ ਮੰਤਰੀ ਵਲੋਂ ਲੜਕੀਆਂ ਨੂੰ ਸਨਮਾਨਤ ਕਰਨ ਦਾ ਐਲਾਨ ਆਪਣੇ ਟਵੀਟ ਵਿਚ ਕੀਤਾ ਗਿਆ ਹੈ। ਇਹ ਸਨਮਾਨ ਮਾਨਸਾ ਜ਼ਿਲ੍ਹੇ ਦੇ ਬੁਢਲਾਡਾ ਸ਼ਹਿਰ ਵਿਚ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਲਵਪ੍ਰੀਤ ਕੌਰ ਪੁੱਤਰੀ ਕੁਲਵਿੰਦਰ ਸਿੰਘ ਅਤੇ ਇਸੇ ਸਕੂਲ ਦੀ ਹੀ ਗੁਰਅੰਕਿਤ ਕੌਰ ਪੁੱਤਰੀ ਸੁਖਵਿੰਦਰ ਸਿੰਘ ਸਮੇਤ ਲੁਧਿਆਣਾ ਜ਼ਿਲ੍ਹੇ ਦੇ ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੱਸੀਆਂ ਦੀ ਸਮਰਪ੍ਰੀਤ ਕੌਰ ਪੱਤਰੀ ਜਗਦੇਵ ਸਿੰਘ ਨੂੰ ਅਗਲੇ ਦਿਨਾਂ ਵਿਚ ਦਿੱਤੇ ਜਾਣ ਦੀ ਜਾਣਕਾਰੀ ਮਿਲੀ ਹੈ। ਮੁੱਖ ਮੰਤਰੀ ਨੇ ਕਿਹਾ ਹੈ ਕਿ ਬੱਚੀਆਂ ਵੱਲੋਂ ਸਿੱਖਿਆ ਵਿੱਚ ਨਾਮ ਖੱਟਣ ਲਈ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਹੋਵੇ।