ਓਟਵਾ, 30 ਮਾਰਚ  : ਓਨਟਾਰੀਓ ਦੇ ਸਿੱਖਿਆ ਮੰਤਰੀ ਸਟੀਫਨ ਲਿਚੇ ਨੇ ਫੈਡਰਲ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਬੱਚਿਆਂ ਤੇ ਨੌਜਵਾਨਾਂ ਦੀ ਵੈਕਸੀਨੇਸ਼ਨ ਲਈ ਪਹਿਲਾਂ ਹੀ ਵੈਕਸੀਨ ਸਹੇਜ ਲਵੇ।
ਤਿੰਨ ਫੈਡਰਲ ਮੰਤਰੀਆਂ ਨੂੰ ਲਿਖੇ ਪੱਤਰ ਵਿੱਚ ਲਿਚੇ ਨੇ ਆਖਿਆ ਕਿ ਇਹ ਸਮਝਣਾ ਬਹੁਤ ਹੀ ਜ਼ਰੂਰੀ ਹੈ ਕਿ ਕੈਨੇਡਾ ਨੂੰ ਅਗਾਊਂ ਯੋਜਨਾਬੰਦੀ ਦੀ ਅਹਿਮੀਅਤ ਨੂੰ ਸਮਝਦਿਆਂ ਹੋਇਆਂ ਹੈਲਥ ਕੈਨੇਡਾ ਵੱਲੋਂ ਮਨਜ਼ੂਰੀ ਮਿਲਣ ਤੋਂ ਬਾਅਦ ਵਿਦਿਆਰਥੀਆਂ ਤੇ ਬੱਚਿਆਂ ਦੀ ਵੈਕਸੀਨੇਸ਼ਨ ਦੇ ਪ੍ਰਬੰਧ ਕਰਨੇ ਚਾਹੀਦੇ ਹਨ। ਅਹਿਮਦ ਹੁਸੈਨ, ਪੈਟੀ ਹਾਜ਼ਦੂ ਤੇ ਅਨੀਤਾ ਆਨੰਦ ਵਰਗੇ ਮੰਤਰੀਆਂ ਨੂੰ ਲਿਖੇ ਪੱਤਰ ਵਿੱਚ ਲਿਚੇ ਨੇ ਆਖਿਆ ਕਿ ਵੱਖ ਵੱਖ ਉਮਰ ਵਰਗ ਦੇ ਬੱਚਿਆਂ ਤੇ ਨੌਜਵਾਨਾਂ ਵਿੱਚ ਵੈਕਸੀਨਜ਼ ਦੀ ਸੇਫਟੀ ਤੇ ਅਸਰ ਨੂੰ ਪਰਖਣ ਲਈ ਪਹਿਲਾਂ ਹੀ ਕਈ ਕਲੀਨਿਕਲ ਟ੍ਰਾਇਲ ਚੱਲ ਰਹੇ ਹਨ।
ਇਨ੍ਹਾਂ ਵਿੱਚੋਂ ਕੁੱਝ ਕਲੀਨਿਕਲ ਟ੍ਰਾਇਲਜ਼ ਦੇ ਨਤੀਜੇ ਆਉਣ ਵਾਲੇ ਕੁੱਝ ਮਹੀਨਿਆਂ ਵਿੱਚ ਸਾਹਮਣੇ ਆਉਣ ਲੱਗਣਗੇ। ਇਹ ਬਹੁਤ ਹੀ ਸਕਾਰਾਤਮਕ ਖਬਰ ਹੈ। ਪਰ ਇਹ ਵੀ ਜ਼ਰੂਰੀ ਹੈ ਕਿ ਵੈਕਸੀਨ ਇਸ ਲਈ ਹੁਣੇ ਯੋਜਨਾਬੰਦੀ ਸ਼ੁਰੂ ਕੀਤੀ ਜਾਵੇ ਤਾਂ ਕਿ ਕੈਨੇਡਾ ਹੋਰਨਾਂ ਮੁਲਕਾਂ ਨਾਲੋਂ ਇਸ ਮਾਮਲੇ ਵਿੱਚ ਵੀ ਮੋਹਰਲੀ ਕਤਾਰ ਵਿੱਚ ਹੋਵੇ। ਲਿਚੇ ਨੇ ਆਖਿਆ ਕਿ ਮਹਾਂਮਾਰੀ ਨੂੰ ਖ਼ਤਮ ਕਰਨ ਲਈ ਨੌਜਵਾਨਾਂ ਤੇ ਬੱਚਿਆਂ ਦੀ ਵੈਕਸੀਨੇਸ਼ਨ ਅਹਿਮ ਕੜੀ ਹੈ। ਉਨ੍ਹਾਂ ਤਿੰਨਾਂ ਮੰਤਰੀਆਂ ਨੂੰ ਆਖਿਆ ਕਿ ਵੱਖ ਵੱਖ ਸਪਲਾਇਰ ਤੋਂ ਵੈਕਸੀਨ ਦਾ ਪ੍ਰਬੰਧ ਅਗਾਊਂ ਹੀ ਕਰ ਲਿਆ ਜਾਵੇ।