ਕਰਾਚੀ, 28 ਸਤੰਬਰ
ਪਾਕਿਸਤਾਨ ਦੇ ਸਿੰਧ ਸੂਬੇ ’ਚ ਰਾਕੇਟ ਲਾਂਚਰ ’ਚ ਵਰਤੇ ਜਾਂਦੇ ਗੋਲੇ ਨਾਲ ਖੇਡਦਿਆਂ ਧਮਾਕਾ ਹੋਣ ਕਾਰਨ ਪੰਜ ਬੱਚਿਆਂ ਸਮੇਤ 9 ਵਿਅਕਤੀ ਹਲਾਕ ਹੋ ਗਏ। ਇਹ ਧਮਾਕਾ ਕਾਸ਼ਮੋਰ ਜ਼ਿਲ੍ਹੇ ਦੇ ਕੰਧਕੋਟ ਤਹਿਸੀਲ ਦੇ ਪਿੰਡ ਜ਼ਾਂਗੀ ਸਬਜ਼ਵਾਈ ਗੋਥ ਪਿੰਡ ’ਚ ਹੋਇਆ। ਕਾਸ਼ਮੋਰ-ਕੰਧਕੋਟ ਦੇ ਐੈੱਸਐੱਸਪੀ ਰੋਹਿਲ ਖੋਸਾ ਨੇ ਕਿਹਾ ਕਿ ਬੱਚਿਆਂ ਨੂੰ ਮੈਦਾਨ ’ਚ ਖੇਡਣ ਸਮੇਂ ਰਾਕੇਟ ਦਾ ਇਕ ਗੋਲਾ ਮਿਲਿਆ ਸੀ ਜਿਸ ਨੂੰ ਉਹ ਘਰ ਲੈ ਆਏ ਅਤੇ ਉਹ ਫਟ ਗਿਆ। ਧਮਾਕੇ ’ਚ ਇਕੋ ਪਰਿਵਾਰ ਦੇ ਪੰਜ ਬੱਚੇ, ਦੋ ਔਰਤਾਂ ਅਤੇ ਦੋ ਵਿਅਕਤੀ ਮਾਰੇ ਗਏ ਹਨ। ਧਮਾਕੇ ’ਚ ਪੰਜ ਹੋਰ ਵਿਅਕਤੀ ਜ਼ਖ਼ਮੀ ਹੋਏ ਹਨ। ਖੋਸਾ ਨੇ ਕਿਹਾ ਕਿ ਇਹ ਜੰਗਲੀ ਇਲਾਕਾ ਹੈ ਅਤੇ ਡਕੈਤ ਇਸ ਗੋਲੇ ਨੂੰ ਇਥੇ ਛੱਡ ਗਏ ਹੋਣਗੇ। ਉਂਜ ਪੁਲੀਸ ਵੱਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਕੰਧਕੋਟ ਦੇ ਸਵਿਲ ਹਸਪਤਾਲ ’ਚ ਐਮਰਜੈਂਸੀ ਐਲਾਨ ਦਿੱਤੀ ਗਈ ਹੈ। ਸਿੰਧ ਦੇ ਮੁੱਖ ਮੰਤਰੀ ਜਸਟਿਸ ਮਕਬੂਲ ਬਾਕਰ ਨੇ ਆਈਜੀ ਤੋਂ ਮਾਮਲੇ ਦੀ ਰਿਪੋਰਟ ਮੰਗੀ ਹੈ।