ਮੁਹਾਲੀ, 13 ਫਰਵਰੀ
ਮੁਹਾਲੀ-ਚੰਡੀਗੜ੍ਹ ਦੀ ਸਾਂਝੀ ਹੱਦ ਉੱਤੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਸਮੇਤ ਹੋਰ ਸਿੱਖ ਮਸਲਿਆਂ ਲਈ ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਅਤੇ ਹੋਰ ਸਿੱਖ ਜਥੇਬੰਦੀਆਂ ਦਾ ਪੱਕਾ ਮੋਰਚਾ ਜਾਰੀ ਹੈ। ਪਿਛਲੇ ਦਿਨੀਂ ਮੁਹਾਲੀ ਚੰਡੀਗੜ੍ਹ ਦੀ ਸਾਂਝੀ ਹੱਦ ਉੱਤੇ ਵਾਪਰੀ ਘਟਨਾ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਮੁਹਾਲੀ ਪ੍ਰਸ਼ਾਸਨ ਨੇ ਸੁਰੱਖਿਆ ਵਧਾ ਦਿੱਤੀ ਹੈ ਅਤੇ ਬਾਰਡਰ ਉੱਤੇ ਹੁਣ ਦੋ ਬੁਲੇਟ ਪਰੂਫ ਟਰੈਕਟਰਾਂ ਸਮੇਤ ਰੇਤੇ ਨਾਲ ਭਰੇ ਚਾਰ ਵੱਡੇ ਟਿੱਪਰ ਵੀ ਖੜ੍ਹੇ ਕੀਤੇ ਗਏ ਹਨ ਤਾਂ ਜੋ ਪ੍ਰਦਰਸ਼ਨ ਦੌਰਾਨ ਸਿੱਖ ਬੈਰੀਕੇਡ ਤੋੜ ਕੇ ਚੰਡੀਗੜ੍ਹ ਵਿੱਚ ਦਾਖ਼ਲ ਨਾ ਹੋਣ। ਉਧਰ ਰੋਜ਼ਾਨਾ ਵਾਂਗ ਸੋਮਵਾਰ ਨੂੰ ਵੀ ਅਵਤਾਰ ਸਿੰਘ ਫੂਲੇਵਾਲ ਦੀ ਅਗਵਾਈ ਹੇਠ 31 ਮੈਂਬਰਾਂ ਦੇ ਜੱਥੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰੀ ਕੋਠੀ ਵੱਲ ਕੂਚ ਕਰਨ ਦਾ ਯਤਨ ਕੀਤਾ ਪਰ ਯੂਟੀ ਪੁਲੀਸ ਨੇ ਇਸ ਜਥੇ ਨੂੰ ਅੱਗੇ ਵਧਣ ਤੋਂ ਰੋਕ ਦਿੱਤਾ, ਜਿਸ ਕਾਰਨ ਉਹ ਮੁਹਾਲੀ ਚੰਡੀਗੜ੍ਹ ਦੀ ਸਾਂਝੀ ਹੱਦ ਉੱਤੇ ਧਰਨਾ ਲਗਾ ਕੇ ਬੈਠ ਗਏ। ਖ਼ਬਰ ਲਿਖੇ ਜਾਣ ਤੱਕ ਧਰਨਾ ਜਾਰੀ ਸੀ।