ਨਵੀਂ ਦਿੱਲੀ, 29 ਮਾਰਚ

ਕਾਂਗਰਸ ਆਗੂ ਰਾਹੁਲ ਗਾਂਧੀ ਨੇ ਆਪਣਾ ਸਰਕਾਰੀ ਬੰਗਲਾ ਖਾਲੀ ਕਰਨ ਲਈ ਲੋਕ ਸਭਾ ਸਕੱਤਰੇਤ ਵੱਲੋਂ ਮਿਲੇ ਨੋਟਿਸ ਦਾ ਜਵਾਬ ਦਿੰਦਿਆਂ ਕਿਹਾ ਕਿ ਉਹ ਨੋਟਿਸ ਦੀ ਪਾਲਣਾ ਕਰੇਗਾ। ਹਾਲਾਂਕਿ ਕਾਂਗਰਸ ਪਾਰਟੀ ਦੇ ਆਗੂਆਂ ਨੇ ਬੰਗਲਾ ਖਾਲੀ ਕਰਨ ਵਾਸਤੇ ਦਿੱਤੇ ਨੋਟਿਸ ਦੇ ਹਵਾਲੇ ਨਾਲ ਸਰਕਾਰ ’ਤੇ ਗਾਂਧੀ ਨੂੰ ਬੇਇੱਜ਼ਤ ਕਰਨ ਦਾ ਦੋਸ਼ ਲਾਇਆ ਹੈ। ਚੇਤੇ ਰਹੇ ਕਿ ਲੋਕ ਸਭਾ ਸਕੱਤਰੇਤ ਨੇ ਲੰਘੇ ਦਿਨ ਜਾਰੀ ਨੋਟਿਸ ਵਿੱਚ ਗਾਂਧੀ ਨੂੰ 22 ਅਪਰੈਲ ਤੱਕ ਸਰਕਾਰੀ ਬੰਗਲਾ ਖਾਲੀ ਕਰਨ ਲਈ ਕਿਹਾ ਸੀ। ਸੂਰਤ ਦੀ ਕੋਰਟ ਵੱਲੋਂ ਫੌਜਦਾਰੀ ਮਾਣਹਾਨੀ ਕੇਸ ਵਿੱਚ ਦੋ ਸਾਲ ਦੀ ਸਜ਼ਾ ਸੁਣਾਏ ਜਾਣ ਮਗਰੋਂ ਪਿਛਲੇ ਦਿਨੀਂ ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰੀ ਖਾਰਜ ਕਰ ਦਿੱਤੀ ਗਈ ਸੀ।

ਗਾਂਧੀ ਨੇ ਲੋਕ ਸਭਾ ਸਕੱਤਰੇਤ ਨੂੰ ਲਿਖੇ ਪੱਤਰ ਵਿੱਚ ਕਿਹਾ, ‘‘27 ਮਾਰਚ 2023 ਨੂੰ ਲਿਖੇ ਪੱਤਰ ਲਈ ਤੁਹਾਡਾ ਧੰਨਵਾਦ, ਜਿਸ ਵਿੱਚ ਤੁਸੀਂ 12 ਤੁਗਲਕ ਲੇਨ ਸਥਿਤ ਸਰਕਾਰੀ ਰਿਹਾਇਸ਼ ਦੀ ਅਲਾਟਮੈਂਟ ਰੱਦ ਕਰਨ ਬਾਰੇ ਲਿਖਿਆ ਹੈ। ਪਿਛਲੀਆਂ ਚਾਰ ਟਰਮਾਂ ਤੋਂ ਲੋਕ ਸਭਾ ਦੇ ਚੁਣੇ ਗਏ ਮੈਂਬਰ ਵਜੋਂ, ਲੋਕਾਂ ਵੱਲੋਂ ਦਿੱਤੇ ਫਤਵੇ ਸਦਕਾ ਇੱਥੇ ਬਿਤਾਈਆਂ ਖੁਸ਼ੀਆਂ ਭਰੀਆਂ ਯਾਦਾਂ ਲਈ ਮੈਂ ਉਨ੍ਹਾਂ ਦਾ ਰਿਣੀ ਹਾਂ।’’ ਮੇਰੇ ਅਧਿਕਾਰਾਂ ਪ੍ਰਤੀ ਪੱਖਪਾਤ ਕੀਤੇ ਜਾਣ ਦੇ ਬਾਵਜੂਦ ਮੈਂ ਤੁਹਾਡੇ ਪੱਤਰ ਵਿੱਚ ਸ਼ਾਮਲ ਵੇਰਵਿਆਂ ਦੀ ਪਾਲਣਾ ਕਰਾਂਗਾ।’’ ਰਾਹੁਲ ਗਾਂਧੀ ਸਾਲ 2005 ਤੋਂ ਇਸ ਬੰਗਲੇ ਵਿੱਚ ਰਹਿ ਰਹੇ ਹਨ।