ਗਯਾਨਾ, 24 ਜੁਲਾਈ
ਬੰਗਲਾਦੇਸ਼ ਨੇ ਟੈਸਟ ਲੜੀ ਹਾਰਨ ਮਗਰੋਂ ਇੱਕ ਰੋਜ਼ਾ ਮੈਚ ਵਿੱਚ ਅੱਜ ਵੈਸਟ ਇੰਡੀਜ਼ ਨੂੰ 48 ਦੌੜਾਂ ਨਾਲ ਹਰਾਇਆ। ਇਸ ਜਿੱਤ ਵਿੱਚ ਤਾਮਿਮ ਇਕਬਾਲ ਅਤੇ ਸ਼ਾਕਿਬ-ਅਲ-ਹਸਨ ਵਿਚਾਲੇ ਮਜ਼ਬੂਤ ਸਾਂਝੇਦਾਰੀ ਦੀ ਅਹਿਮ ਭੂਮਿਕਾ ਰਹੀ।
ਮੈਨ ਆਫ ਦਿ ਮੈਚ ਤਾਮਿਮ ਇਕਬਾਲ ਬਣਿਆ, ਜਿਸ ਨੇ ਨਾਬਾਦ 130 ਦੌੜਾਂ ਬਣਾਈਆਂ, ਜੋ ਵੈਸਟ ਇੰਡੀਜ਼ ਖ਼ਿਲਾਫ਼ ਇੱਕ ਰੋਜ਼ਾ ਵਿੱਚ ਕਿਸੇ ਬੰਗਲਾਦੇਸ਼ੀ ਬੱਲੇਬਾਜ਼ ਦਾ ਸਰਵੋਤਮ ਸਕੋਰ ਹੈ। ਸ਼ਾਕਿਬ ਨੇ 97 ਦੌੜਾਂ ਦੀ ਪਾਰੀ ਖੇਡੀ। ਦੋਵਾਂ ਨੇ ਦੂਜੀ ਵਿਕਟ ਲਈ 207 ਦੌੜਾਂ ਦੀ ਸਾਂਝੇਦਾਰੀ ਕੀਤੀ। ਇਨ੍ਹਾਂ ਦੀਆਂ ਪਾਰੀਆਂ ਦੇ ਦਮ ’ਤੇ ਬੰਗਲਾਦੇਸ਼ ਨੇ ਚਾਰ ਵਿਕਟਾਂ ’ਤੇ 279 ਦੌੜਾਂ ਬਣਾਈਆਂ। ਬਾਅਦ ਵਿੱਚ ਮਸ਼ਰਫ਼ ਮੁਰਤਜ਼ਾ ਨੇ 37 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ। ਵੈਸਟ ਇੰਡੀਜ਼ ਟੀਮ ਨੌਂ ਵਿਕਟਾਂ ’ਤੇ 231 ਦੌੜਾਂ ਹੀ ਬਣਾ ਸਕੀ। ਕ੍ਰਿਸ ਗੇਲ ਅਤੇ ਸ਼ਿਮੋਰਨ ਹੇਟਮੇਅਰ ਦੇ ਕ੍ਰੀਜ਼ ’ਤੇ ਰਹਿੰਦਿਆਂ ਵੈਸਟ ਇੰਡੀਜ਼ ਟੀਮ ਟੀਚੇ ਵੱਲ ਵਧ ਰਹੀ ਸੀ। ਗੇਲ 40 ਦੌੜਾਂ ਬਣਾ ਕੇ ਰਨ ਆਊਟ ਹੋ ਗਿਆ, ਜਦਕਿ ਹੇਟਮੇਅਰ 52 ਦੇ ਸਕੋਰ ’ਤੇ ਪੈਵਿਲੀਅਨ ਪਰਤਿਆ। ਇਸ ਮਗਰੋਂ ਵੈਸਟ ਇੰਡੀਜ਼ ਦੀਆਂ ਵਿਕਟਾਂ ਲਗਾਤਾਰ ਡਿਗਦੀਆਂ ਰਹੀਆਂ।
ਆਖ਼ਰੀ ਵਿਕਟ ਲਈ ਦੇਵੇਂਦਰ ਬਿਸ਼ੂ ਅਤੇ ਅਲਜ਼ਾਰੀ ਜੋਸੇਫ਼ ਨੇ 59 ਦੌੜਾਂ ਬਣਾਈਆਂ, ਪਰ ਉਹ ਹਾਰ ਨੂੰ ਟਾਲ ਨਹੀਂ ਸਕੇ। ਬੰਗਲਾਦੇਸ਼ ਲਈ ਮੁਸ਼ਫਿਕਰ ਰਹੀਮ ਨੇ ਵੀ 11 ਗੇਂਦਾਂ ਵਿੱਚ 30 ਦੌੜਾਂ ਬਣਾਈਆਂ। ਆਖ਼ਰੀ ਦੋ ਓਵਰਾਂ ਵਿੱਚ ਬੰਗਲਾਦੇਸ਼ੀ ਟੀਮ ਨੇ 43 ਦੌੜਾਂ ਬਣਾਈਆਂ। ਤਾਮਿਮ ਨੇ ਆਪਣੀ ਪਾਰੀ ਵਿੱਚ 160 ਗੇਂਦਾਂ ਖੇਡ ਕੇ ਦਸ ਚੌਕੇ ਅਤੇ ਤਿੰਨ ਛੱਕੇ ਮਾਰੇ।