ਚਿਟਗਾਓਂ, 24 ਨਵੰਬਰ
ਖੱਬੇ ਹੱਥ ਦੇ ਸਪਿੰਨਰ ਤਾਇਜੁਲ ਇਸਲਾਮ ਦੀਆਂ ਛੇ ਵਿਕਟਾਂ ਦੀ ਮਦਦ ਨਾਲ ਬੰਗਲਾਦੇਸ਼ ਨੇ ਅੱਜ ਇੱਥੇ ਪਹਿਲੇ ਟੈਸਟ ਕ੍ਰਿਕਟ ਮੈਚ ਵਿੱਚ ਵੈਸਟਇੰਡੀਜ਼ ਨੂੰ ਤੀਜੇ ਦਿਨੀ ਹੀ 64 ਦੌੜਾਂ ਨਾਲ ਹਰਾ ਕੇ ਦੋ ਮੈਚਾਂ ਦੀ ਲੜੀ ’ਚ ਸ਼ੁਰੂਆਤ ਬੜ੍ਹਤ ਹਾਸਲ ਕੀਤੀ।
ਵੈਸਟਇੰਡੀਜ਼ ਦੇ ਸਾਹਮਣੇ ਜਿੱਤ ਲਈ 204 ਦੌੜਾਂ ਦਾ ਟੀਚਾ ਸੀ ਪਰ ਉਸ ਦੀ ਟੀਮ 139 ਦੌੜਾਂ ’ਤੇ ਆਊਟ ਹੋ ਗਈ। ਤਾਇਜੁਲ ਇਸਲਾਮ ਨੇ 33 ਦੌੜਾਂ ਦੇ ਕੇ ਛੇ ਵਿਕਟਾਂ ਲਈਆਂ। ਉਸ ਤੋਂ ਇਲਾਵਾ ਕਪਤਾਨ ਸ਼ਾਕਿਬ ਅਲ ਹਸਨ ਅਤੇ ਮਹਿਦੀ ਹਸਨ ਨੇ ਵੀ ਦੋ-ਦੋ ਵਿਕਟਾਂ ਹਾਸਲ ਕੀਤੀਆਂ। ਸ਼ਾਕਿਬ ਨੇ ਇਸ ਦੌਰਾਨ ਟੈਸਟ ਕ੍ਰਿਕਟ ’ਚ 3000 ਦੌੜਾਂ ਅਤੇ 200 ਵਿਕਟਾਂ ਵੀ ਪੂਰੀਆਂ ਕੀਤੀਆਂ। ਸ਼ਾਕਿਬ ਨੇ ਇਹ ਨਿਵੇਕਲ ‘ਡਬਲ’ 54 ਟੈਸਟ ਮੈਚਾਂ ’ਚ ਪੂਰਾ ਕਰ ਕੇ ਇੰਗਲੈਂਡ ਦੇ ਹਰਫਨਮੌਲਾ ਖਿਡਾਰੀ ਇਆਨ ਬਾਥਮ ਦਾ ਰਿਕਾਰਡ ਤੋੜਿਆ। ਬਾਥਮ ਨੇ 55 ਮੈਚਾਂ ’ਚ ਇਹ ਉਪਲਬਧੀ ਹਾਸਲ ਕੀਤੀ ਸੀ।
ਬੰਗਲਾਦੇਸ਼ ਨੇ ਸਵੇਰੇ ਆਪਣੀ ਦੂਜੀ ਪਾਰੀ ਪੰਜ ਵਿਕਟਾਂ ’ਤੇ 55 ਦੌੜਾਂ ਨਾਲ ਅੱਗੇ ਵਧਾਈ ਪਰ ਉਸ ਦੀ ਪੂਰੀ ਟੀਮ 125 ਦੌੜਾਂ ’ਤੇ ਆਊਟ ਹੋ ਗਈ। ਮਹਿਮੂਦੁੱਲਾਹ ਨੇ ਸਭ ਤੋਂ ਵੱਧ 31 ਦੌੜਾਂ ਬਣਾਈਆਂ। ਲੈੱਗ ਸਪਿੰਨਰ ਦੇਵੇਂਦਰ ਬਿਸ਼ੂ (26 ਦੌੜਾਂ ਦੇ ਕੇ ਚਾਰ ਵਿਕਟਾਂ), ਆਫ਼ ਸਪਿੰਨਰ ਰੋਸਟਨ ਚੇਜ਼ (18 ਦੌੜਾਂ ਦੇ ਕੇ ਤਿੰਨ ਵਿਕਟਾਂ) ਅਤੇ ਖੱਬੇ ਹੱਥ ਦੇ ਸਪਿੰਨਰ ਜੋਮੇਲ ਵਾਰੀਕਨ (43 ਦੌੜਾਂ ਦੇ ਕੇ ਤਿੰਨ ਵਿਕਟਾਂ) ਦੀ ਸਫ਼ਲਤਾ ਨਾਲ ਸਾਫ਼ ਹੋ ਗਿਆ ਸੀ ਕਿ ਵਿਕਟ ਸਪਿੰਨ ਲੈ ਰਿਹਾ ਹੈ ਅਤੇ ਵੈਸਟਇੰਡੀਜ਼ ਲਈ ਟੀਚਾ ਹਾਸਲ ਕਰਨਾ ਮੁਸ਼ਕਿਲ ਹੋਵੇਗਾ। ਵੈਸਟਇੰਡੀਜ਼ ਦੀ ਸ਼ੁਰੂਆਤ ਖ਼ਰਾਬ ਰਹੀ ਅਤੇ ਉਸ ਦੀਆਂ ਚਾਰ ਵਿਕਟਾਂ 11 ਦੌੜਾਂ ’ਤੇ ਉੱਡ ਗਈਆਂ, ਜਿਸ ਤੋਂ ਉਹ ਅਖ਼ੀਰ ਤੱਕ ਨਹੀਂ ਉਭਰ ਸਕਿਆ। ਅਖ਼ੀਰ ਬੱਲੇਬਾਜ਼ ਦੇ ਰੂਪ ’ਚ ਆਊਟ ਹੋਣ ਵਾਲੇ ਸੁਨੀਲ ਅੰਬਰੀਸ਼ ਨੇ ਸਭ ਤੋਂ ਵੱਧ 43 ਦੌੜਾਂ ਬਣਾਈਆਂ ਜਦੋਂਕਿ ਦਸਵੇਂ ਨੰਬਰ ਦੇ ਬੱਲੇਬਾਜ਼ ਵਾਰੀਕਨ ਨੇ ਦਸਵੇ ਵਿਕਟ ਲਈ 63 ਦੌੜਾਂ ਜੋੜੀਆਂ ਪਰ ਇਸ ਨਾਲ ਹਾਰ ਦਾ ਅੰਤਰ ਹੀ ਘੱਟ ਹੋ ਸਕਿਆ। ਇਨ੍ਹਾਂ ਦੋਹਾਂ ਤੋਂ ਇਲਾਵਾ ਸਿਰਫ਼ ਸ਼ਿਮਰੋਨ ਹੈਟਮਾਇਰ (27) ਹੀ ਦੂਹਰੇ ਅੰਕ ’ਚ ਪਹੁੰਚਿਆ। ਇਨ੍ਹਾਂ ਦੋਹਾਂ ਟੀਮਾਂ ਵਿਚਾਲੇ ਦੂਜਾ ਅਤੇ ਆਖ਼ਰੀ ਟੈਸਟ ਮੈਚ 30 ਨਵੰਬਰ ਤੋਂ ਢਾਕਾ ’ਚ ਖੇਡਿਆ ਜਾਵੇਗਾ।