ਬ੍ਰਿਸਬਨ, 23 ਨਵੰਬਰ
ਪਾਕਿਸਤਾਨ ਲਈ ਪਹਿਲਾ ਮੈਚ ਖੇਡ ਰਹੇ 16 ਸਾਲਾ ਤੇਜ਼ ਗੇਂਦਬਾਜ਼ ਨਸੀਮ ਸ਼ਾਹ ਦੀ ਲਾਪ੍ਰਵਾਹੀ ਦਾ ਫਾਇਦਾ ਚੁਕਦਿਆਂ ਆਸਟਰੇਲੀਆ ਦੇ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਨੇ ਪਹਿਲੇ ਟੈਸਟ ਮੈਚ ਦੇ ਦੂਜੇ ਦਿਨ ਇੱਥੇ ਨਾਬਾਦ 151 ਦੌੜਾਂ ਦੀ ਪਾਰੀ ਖੇਡੀ ਜਿਸ ਨਾਲ ਟੀਮ ਨੇ ਦਿਨ ਦੀ ਖੇਡ ਮੁੱਕਣ ਤੱਕ ਇੱਕ ਵਿਕਟ ਗੁਆ ਕੇ 312 ਦੌੜਾਂ ਬਣਾ ਲਈਆਂ ਹਨ।
ਪਾਕਿਸਤਾਨ ਦੀ ਪਹਿਲੀ ਪਾਰੀ 240 ਦੌੜਾਂ ’ਤੇ ਨਿੱਬੜੀ ਸੀ ਜਿਸ ਨਾਲ ਆਸਟਰੇਲੀਆ ਨੇ ਸਿਰਫ਼ ਇੱਕ ਵਿਕਟ ਗੁਆ ਕੇ 72 ਦੌੜਾਂ ਦੀ ਲੀਡ ਹਾਸਲ ਕਰ ਲਈ ਹੈ। ਵਾਰਨਰ ਨਾਲ ਮਾਰਨਸ ਲਾਬੁਸ਼ੇਨ 55 ਦੌੜਾਂ ’ਤੇ ਕਰੀਜ਼ ’ਤੇ ਮੌਜੂਦ ਸੀ ਜਦਕਿ ਸਲਾਮੀ ਬੱਲੇਬਾਜ਼ ਜੋਇ ਬਰਨਸ ਸੈਂਕੜਾ ਪੂਰਾ ਕਰਨ ਤੋਂ ਖੁੰਝ ਗਿਆ। ਬਰਨਸ ਯਾਸਿਰ ਸ਼ਾਹ ਦੀ ਗੇਂਦ ’ਤੇ ਬੋਲਡ ਹੋ ਗਿਆ। ਵਾਰਨਰ ਤੇ ਬਰਨਸ ਨੇ ਪਹਿਲੀ ਵਿਕਟ ਲਈ 222 ਦੌੜਾਂ ਜੋੜੀਆਂ। ਗੇਂਦ ਨਾਲ ਛੇੜਖਾਨੀ ਕਰਨ ਦੇ ਮਾਮਲੇ ’ਚ ਇੱਕ ਸਾਲ ਦੀ ਪਾਬੰਦੀ ਝੱਲਣ ਵਾਲੇ ਵਾਰਨਰ ਦੀ ਵਾਪਸੀ ਤੋਂ ਬਾਅਦ ਇਹ ਪਹਿਲੀ ਸੈਂਕੜੇ ਦੀ ਪਾਰੀ ਹੈ। ਇਸ ਤੋਂ ਪਹਿਲਾਂ ਉਸ ਨੂੰ 56 ਦੌੜਾਂ ’ਤੇ ਜੀਵਨ ਦਾਨ ਵੀ ਮਿਲਿਆ। ਵਾਰਨਰ ਨੇ ਤਕਰੀਬਨ ਦੋ ਸਾਲ ਬਾਅਦ ਪਹਿਲਾ ਸੈਂਕੜਾ ਮਾਰਿਆ ਹੈ। ਉਸ ਨੇ ਐਸ਼ੇਜ਼ ਲੜੀ ਦੀਆਂ 10 ਪਾਰੀਆਂ ’ਚ ਸਿਰਫ਼ 95 ਦੌੜਾਂ ਬਣਾਈਆਂ ਸੀ। ਉਸ ਨੇ ਚਾਹ ਦੇ ਆਰਾਮ ਤੋਂ ਬਾਅਦ ਯਾਸਿਰ ਸ਼ਾਹ ਦੀ ਗੇਂਦ ’ਤੇ ਆਪਣੇ ਟੈਸਟ ਕਰੀਅਰ ਦਾ 22ਵਾਂ ਸੈਂਕੜਾ ਪੂਰਾ ਕੀਤਾ। ਪਹਿਲਾ ਮੈਚ ਖੇਡ ਰਹੇ ਨਸੀਮ ਨੇ ਆਪਣੀ ਰਫ਼ਤਾਰ ਨਾਲ ਸਭ ਨੂੰ ਪ੍ਰਭਾਵਿਤ ਕੀਤਾ ਪਰ ਕਈ ਵਾਰ ਉਸ ਦਾ ਪੈਰ ਕਰੀਜ਼ ਤੋਂ ਬਾਹਰ ਨਿਕਲ ਗਿਆ।