ਬ੍ਰਿਟੇਨ ‘ਚ ਇਕ ਸ਼ਰਾਬੀ ਵਿਅਕਤੀ ਨੇ ਲੰਡਨ ਤੋਂ ਮਾਨਚੈਸਟਰ ਜਾ ਰਹੀ ਰੇਲਗੱਡੀ ਵਿਚ ਭਾਰਤੀ ਮੂਲ ਦੀ ਬ੍ਰਿਟਿਸ਼ ਔਰਤ ਨਾਲ ਨਸਲੀ ਦੁਰਵਿਵਹਾਰ ਕੀਤਾ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਇਹ ਹਾਦਸਾ ਐਤਵਾਰ ਨੂੰ ਵਾਪਰਿਆ, ਜਦੋਂ ਭਾਰਤੀ ਮੂਲ ਦੀ ਗੈਬਰੀਏਲ ਫੋਰਸਿਥ ਟਰੇਨ ਰਾਹੀਂ ਘਰ ਪਰਤਦੇ ਸਮੇਂ ਆਪਣੇ ਦੋਸਤ ਨਾਲ ਗੱਲ ਕਰ ਰਹੀ ਸੀ। ਗੈਬਰੀਏਲ ਨੇ ਦੋਸਤ ਨੂੰ ਦੱਸਿਆ ਕਿ ਉਹ ਇੱਕ ਚੈਰਿਟੀ ਨਾਲ ਕੰਮ ਕਰਦੀ ਹੈ ਜੋ ਪ੍ਰਵਾਸੀਆਂ ਦੀ ਮਦਦ ਕਰਦੀ ਹੈ। ਇਹ ਸੁਣ ਕੇ ਸ਼ਰਾਬੀ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਅਤੇ ਨਸਲੀ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਉਸਨੇ ਸ਼ੇਖੀ ਮਾਰੀ ਕਿ ਕਿਵੇਂ ਇੰਗਲੈਂਡ ਨੇ ਪੂਰੀ ਦੁਨੀਆ ਨੂੰ ਜਿੱਤ ਲਿਆ ਸੀ।
ਸ਼ਰਾਬੀ ਨੇ ਕਿਹਾ ਕਿ ਤੁਸੀਂ ਜੋ ਵੀ ਦਾਅਵੇ ਕਰ ਰਹੇ ਹੋ ਉਹ ਇਸ ਲਈ ਕਰ ਰਹੇ ਹੋ ਕਿਉਂਕਿ ਤੁਸੀਂ ਇੰਗਲੈਂਡ ਵਿਚ ਹੋ, ਜੇਕਰ ਤੁਸੀਂ ਇੰਗਲੈਂਡ ਵਿਚ ਨਾ ਹੁੰਦੇ ਤਾਂ ਤੁਸੀਂ ਕੋਈ ਦਾਅਵਾ ਨਹੀਂ ਕਰ ਰਹੇ ਹੁੰਦੇ। ਅੰਗਰੇਜ਼ਾਂ ਨੇ ਦੁਨੀਆਂ ਜਿੱਤ ਲਈ ਸੀ। ਅਸੀਂ ਭਾਰਤ ਨੂੰ ਵੀ ਜਿੱਤ ਲਿਆ ਸੀ, ਪਰ ਅਸੀਂ ਇਸਨੂੰ ਆਪਣੇ ਕੋਲ ਨਹੀਂ ਰੱਖਣਾ ਚਾਹੁੰਦੇ ਸੀ, ਇਸ ਲਈ ਅਸੀਂ ਇਹ ਤੁਹਾਨੂੰ ਵਾਪਿਸ ਕਰ ਦਿੱਤਾ ਹੈ। ਹਾਲਾਂਕਿ ਟਰੇਨ ‘ਚ ਮੌਜੂਦ ਕੁਝ ਯਾਤਰੀਆਂ ਨੇ ਉਸ ਵਿਅਕਤੀ ਦਾ ਵਿਰੋਧ ਕੀਤਾ। ਗੈਬਰੀਅਲ ਨੇ ਇਸ ਪੂਰੀ ਘਟਨਾ ਦਾ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਸ਼ੇਅਰ ਕੀਤਾ ਹੈ। ਉਸ ਨੇ ਲਿਖਿਆ, ”ਪ੍ਰਵਾਸੀ ਸ਼ਬਦ ਸੁਣਦੇ ਹੀ ਉਹ ਗੁੱਸੇ ‘ਚ ਆ ਗਿਆ। ਸਾਰੀ ਘਟਨਾ ਪ੍ਰੇਸ਼ਾਨ ਕਰਨ ਵਾਲੀ ਸੀ, ਇਸ ਲਈ ਮੈਂ ਆਪਣੀ ਸੁਰੱਖਿਆ ਲਈ ਵੀਡੀਓ ਰਿਕਾਰਡ ਕੀਤੀ।” ਗੈਬਰੀਏਲ ਨੇ ਬ੍ਰਿਟਿਸ਼ ਟਰਾਂਸਪੋਰਟ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।