ਵੈਨਕੂਵਰ, 20 ਅਗਸਤ
ਕੈਨੇਡਾ ਦੇ ਪੱਛਮੀ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਜੰਗਲਾਂ ਵਿੱਚ ਲੱਗੀ ਅੱਗ ਨੇ ਰਿਹਾਇਸ਼ੀ ਖੇਤਰਾਂ ਨੂੰ ਵੀ ਲਪੇਟ ’ਚ ਲੈ ਲਿਆ ਹੈ। ਓਕਨਾਗਨ ਝੀਲ ਨੇੜੇ ਵਸੇ ਕਲੋਨਾ ਸ਼ਹਿਰ ਦੀ ਹਾਲਤ ਬਦਤਰ ਹੋ ਗਈ ਹੈ। ਸ਼ਹਿਰ ਦੇ ਵੱਡੇ ਖੇਤਰ ’ਚ ਧੂੰਏਂ ਦੀ ਪਰਤ ਛਾ ਗਈ ਹੈ। ਅੱਗ ਬੁਝਾਊ ਅਮਲਾ 24 ਘੰਟੇ ਕੰਮ ’ਤੇ ਲੱਗਾ ਹੋਇਆ ਹੈ। ਦੂਜੇ ਸੂਬਿਆਂ ਤੋਂ ਅੱਗ ਬੁਝਾਊ ਹੈਲੀਕਾਪਟਰ ਤੇ ਹੋਰ ਯੰਤਰ ਮੰਗਵਾਏ ਜਾ ਰਹੇ ਹਨ। ਇਸ ਦੌਰਾਨ ਸ਼ਹਿਰ ਵਿਚਲੇ ਘਰਾਂ ਨੂੰ ਅੱਗ ਲੱਗਣ ਦੇ ਖਤਰੇ ਅਤੇ ਧੂੰਏਂ ਕਰਕੇ ਸਾਹ ਲੈਣ ’ਚ ਆ ਰਹੀ ਤਕਲੀਫ ਕਾਰਨ ਲੋਕ ਘਰ ਖਾਲੀ ਕਰ ਕੇ ਸੁਰੱਖਿਅਤ ਥਾਵਾਂ ਤੇ ਜਾਣੇ ਸ਼ੁਰੂ ਹੋ ਗਏ ਹਨ। ਸਰਕਾਰ ਵੱਲੋਂ ਸੂਬੇ ਵਿੱਚ ਐਮਰਜੈਂਸੀ ਐਲਾਨ ਦਿੱਤੀ ਗਈ ਹੈ। ਕਲੋਨਾ ਹਵਾਈ ਅੱਡੇ ਨੂੰ ਚਾਰਟਰ ਉਡਾਣਾਂ ਲਈ ਬੰਦ ਕਰ ਕੇ ਅੱਗ ਬੁਝਾਊ ਜਹਾਜ਼ਾਂ ਲਈ ਵਰਤਿਆ ਜਾ ਰਿਹਾ ਹੈ।
ਵੈਨਕੂਵਰ ਤੋਂ 400 ਕਿਲੋਮੀਟਰ ਪੂਰਬ ’ਚ ਵਸੇ ਕਲੋਨਾ ਸ਼ਹਿਰ ਨੇੜਲੇ ਜੰਗਲਾਂ ਵਿਚ ਲੱਗੀ ਅੱਗ ਕਾਰਨ ਬੇਸ਼ੱਕ ਹਾਲੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਸ਼ਹਿਰ ਦਾ ਪੂਰਬੀ ਤੇ ਪੱਛਮੀ ਇਲਾਕਾ ਅੱਗ ’ਚ ਘਿਰ ਗਿਆ ਹੈ। ਹਵਾ ਦਾ ਰੁਖ ਬਦਲਣ ਕਰਕੇ ਅੱਗ ਕਲੋਨਾ ਤੋਂ ਪੂਰਬ ਵੱਲ ਨੂੰ ਵਧਦੀ ਹੋਈ ਵਰਨਨ ਤੱਕ ਜਾ ਪਹੁੰਚੀ ਹੈ। ਕਲੋਨਾ ਦੇ ਫਾਇਰ ਚੀਫ ਅਨੁਸਾਰ ਇਸ ਖੇਤਰ ’ਚ ਅੱਗ ਤਾਂ ਅਕਸਰ ਹੀ ਲੱਗਦੀ ਰਹਿੰਦੀ ਹੈ ਪਰ ਅਜਿਹੇ ਹਾਲਾਤ ਪਿਛਲੇ ਸੌ ਸਾਲਾਂ ਤੋਂ ਕਦੇ ਨਹੀਂ ਬਣੇ। ਸੂਬਾ ਸਰਕਾਰ ਵੱਲੋਂ ਅੱਗ ’ਤੇ ਕਾਬੂ ਪਾਉਣ ਅਤੇ ਲੋਕਾਂ ਦੀ ਸੁਰੱਖਿਆ ਲਈ ਹਰ ਸੰਭਵ ਕਦਮ ਚੁੱਕੇ ਜਾ ਰਹੇ ਹਨ। ਮੁੱਖ ਮੰਤਰੀ ਡੇਵਿਡ ਈਬੀ ਸਥਿਤੀ ’ਤੇ ਨਜ਼ਰ ਰੱਖਦਿਆਂ ਮਿੰਟ-ਮਿੰਟ ਦੀ ਸੂਚਨਾ ਲੈ ਰਹੇ ਹਨ। ਇਸ ਖੇਤਰ ਵਿਚ ਦੂਰ-ਦੂਰ ਤੱਕ ਅੰਗੂਰ, ਸੇਬ, ਨਾਸ਼ਪਤੀ ਆਦਿ ਦੇ ਵੱਡੇ ਬਾਗਾਂ ਤੋਂ ਇਲਾਵਾ ਪੰਜਾਬੀਆਂ ਸਮੇਤ ਕਈ ਵੱਡੇ ਬਾਗਬਾਨਾਂ ਦੀਆਂ ਵਾਈਨ ਫੈਕਟਰੀਆਂ ਵੀ ਹਨ।