ਨਵੀਂ ਦਿੱਲੀ, 3 ਜੂਨ :ਰਾਜ ਸਭਾ ਮੈਂਬਰ ਕਪਿਲ ਸਿੱਬਲ ਨੇ ਮਹਿਲਾ ਭਲਵਾਨਾਂ ਵੱਲੋਂ ਭਾਰਤੀ ਕੁਸ਼ਤੀ ਸੰਘ ਦੇ ਮੁਖੀ ਬ੍ਰਿਜ ਭੂਸ਼ਣ ਸ਼ਰਣ ਸਿੰਘ ’ਤੇ ਲਾਏ ਗਏ ਸਰੀਰਕ ਸ਼ੋਸ਼ਣ ਦੇ ਦੋਸ਼ਾਂ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਸੱਤਾਧਾਰੀ ਭਾਜਪਾ ਦੀ ਖਾਮੋਸ਼ੀ ’ਤੇ ਸਵਾਲ ਖੜ੍ਹੇ ਕੀਤੇ ਹਨ। ਜ਼ਿਕਰਯੋਗ ਹੈ ਕਿ ਬ੍ਰਿਜ ਭੂਸ਼ਣ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਜ਼ੋਰ ਫੜਦੀ ਜਾ ਰਹੀ ਹੈ ਅਤੇ ਬਤੌਰ ਸੀਨੀਅਰ ਐਡਵੋਕੇਟ ਕਪਿਲ ਸਿੱਬਲ ਨੇ ਸੁਪਰੀਮ ਕੋਰਟ ਵਿੱਚ ਭਲਵਾਨਾਂ ਦੇ ਕੇਸ ਦੀ ਪੈਰਵੀ ਕੀਤੀ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਅੱਜ ਸੁਨੇਹਾ ਦਿੱਤਾ, ‘‘ਸਬੂਤਾਂ ਅਤੇ ਲੋਕਾਂ ਦੇ ਰੋਸ ਦੇ ਬਾਵਜੂਦ ਬ੍ਰਿਜ ਭੂਸ਼ਣ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਪ੍ਰਧਾਨ ਮੰਤਰੀ ਖਾਮੋਸ਼ ਹਨ, ਭਾਜਪਾ ਤੇ ਸੰਘ ਵੀ ਖਾਮੋਸ਼ ਹੈ।’’ ਉਨ੍ਹਾਂ ਨੇ ਭਾਜਪਾ ਸਰਕਾਰ ਦੇ ਨਾਅਰੇ ‘ਸਭ ਕਾ ਸਾਥ, ਸਭ ਕਾ ਵਿਕਾਸ, ਸਭ ਕਾ ਵਿਸ਼ਵਾਸ’ ’ਤੇ ਤਨਜ਼ ਕਰਦਿਆਂ ਟਵਿੱਟਰ ਸੁਨੇਹੇ ਵਿੱਚ ਕਿਹਾ, ‘‘ਸਭ ਕਾ ਸਾਥ ਨਹੀਂ, ਬ੍ਰਿਜ ਭੂਸ਼ਣ ਕਾ ਸਾਥ।’’ ਦਿੱਲੀ ਪੁਲੀਸ ਨੇ ਬ੍ਰਿਜ ਭੂਸ਼ਣ ਖ਼ਿਲਾਫ਼ ਛੇ ਮਹਿਲਾ ਭਲਵਾਨਾਂ ਦੀਆਂ ਸ਼ਿਕਾਇਤਾਂ ਦੇ ਆਧਾਰ ’ਤੇ ਦੋ ਪਰਚੇ ਦਰਜ ਕੀਤੇ ਹਨ।