ਚੰਡੀਗੜ, 11 ਅਗਸਤ
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਅੱਜ ਇਥੇ ਕਿਹਾ ਕਿ ਫ਼ਰੀਦਕੋਟ ਦੇ ਸਰਕਾਰੀ ਬ੍ਰਿਜਿੰਦਰਾ ਕਾਲਜ ਵਿੱਚ ਬੀਐੱਸਸੀ (ਖੇਤੀਬਾੜੀ) ਕੋਰਸ ਜਲਦ ਸ਼ੁਰੂ ਹੋ ਜਾਵੇਗਾ ਤੇ ਛੇਤੀ ਹੀ ਇਸ ਸਬੰਧੀ ਲੋੜੀਂਦੀਆਂ ਕਾਰਵਾਈਆਂ ਮੁਕੰਮਲ ਕਰ ਲਈਆਂ ਜਾਣਗੀਆਂ। ਸ੍ਰੀ ਸੰਧਵਾਂ ਨੇ ਅੱਜ ਇੱਥੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਖੇਤੀਬਾੜੀ ਤੇ ਉਚੇਰੀ ਸਿੱਖਿਆ ਵਿਭਾਗ ਦੇ ਸੀਨੀਅਰ ਅਧਿਕਾਰੀਆਂ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਤੇ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਇਸ ਸਬੰਧੀ ਚੱਲ ਰਹੀ ਪ੍ਰਕਿਰਿਆ ਦਾ ਜਾਇਜ਼ਾ ਲਿਆ। ਸ੍ਰੀ ਸੰਧਵਾਂ ਨੇ ਬ੍ਰਿਜਿੰਦਰਾ ਕਾਲਜ ਮਾਲਵਾ ਖੇਤਰ ਦੀ ਅਹਿਮ ਵਿੱਦਿਅਕ ਸੰਸਥਾ ਹੈ, ਜਿੱਥੇ ਇਲਾਕੇ ਦੇ ਨੌਜਵਾਨ ਵਿਦਿਆਰਥੀ ਹੋਰਨਾਂ ਡਿਗਰੀਆਂ ਦੇ ਨਾਲ ਬੀਐੱਸਸੀ (ਖੇਤੀਬਾੜੀ) ਦੀ ਪੜ੍ਹਾਈ ਵੀ ਕਰਦੇ ਰਹੇ ਹਨ। ਉਨ੍ਹਾਂ ਦੱਸਿਆ ਕਿ 2019 ਦੌਰਾਨ ਵਿਦਿਆਰਥੀਆਂ ਦੇ ਆਖ਼ਰੀ ਬੈਚ ਨੇ ਬੀਐੱਸਸੀ (ਖੇਤੀਬਾੜੀ) ਕੋਰਸ ਲਈ ਕਾਲਜ ਵਿੱਚ ਦਾਖ਼ਲਾ ਲਿਆ ਸੀ ਤੇ ਇਸ ਵਰ੍ਹੇ ਉਸ ਬੈਚ ਦਾ ਆਖ਼ਰੀ ਸਾਲ ਹੈ। ਉਨ੍ਹਾਂ ਕਿਹਾ ਕਿ ਖੇਤੀਬਾੜੀ ਕੋਰਸ ਕਰਨ ਦੇ ਚਾਹਵਾਨ ਵਿਦਿਆਰਥੀਆਂ ਦੇ ਭਵਿੱਖ ਨੂੰ ਧਿਆਨ ਵਿੱਚ ਰੱਖਦੇ ਹੋਏ ਛੇਤੀ ਹੀ ਇਹ ਕੋਰਸ ਮੁੜ ਸ਼ੁਰੂ ਕਰਵਾਇਆ ਜਾ ਰਿਹਾ ਹੈ। ਸਪੀਕਰ ਨੇ ਸਬੰਧਤ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਕਾਲਜ ਵਿੱਚ ਇਸੇ ਸੈਸ਼ਨ ਤੋਂ ਖੇਤੀਬਾੜੀ ਕੋਰਸ ਦੇ ਦਾਖ਼ਲੇ ਸ਼ੁਰ ਕਰਨ ਲਈ ਵਿਜ਼ਟਿੰਗ ਪ੍ਰੋਫ਼ੈਸਰਾਂ ਦੀ ਭਰਤੀ, ਲੈਬਾਂ ਆਦਿ ਵਿੱਚ ਲੋੜੀਂਦੇ ਉਪਕਰਨ ਮੁਹੱਈਆ ਕਰਵਾਉਣ ਅਤੇ ਹੋਰ ਲੋੜੀਂਦੀਆਂ ਕਾਰਵਾਈਆਂ ਛੇਤੀ ਮੁਕੰਮਲ ਕਰਨੀਆਂ ਯਕੀਨੀ ਬਣਾਉਣ। ਮੀਟਿੰਗ ’ਚ ਵਿਸ਼ੇਸ਼ ਮੁੱਖ ਸਕੱਤਰ ਖੇਤੀਬਾੜੀ ਕੇਏਪੀ ਸਿਨਹਾ, ਪ੍ਰਮੁੱਖ ਸਕੱਤਰ ਉਚੇਰੀ ਸਿੱਖਿਆ ਜਸਪ੍ਰੀਤ ਤਲਵਾੜ, ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਪ੍ਰੋ. ਅਰਵਿੰਦ, ਡੀਨ ਕਾਲਜ ਖੇਤੀਬਾੜੀ ਪੀਏਯੂ ਡਾ. ਰਵਿੰਦਰ ਕੌਰ ਧਾਲੀਵਾਲ ਤੇ ਪ੍ਰਿੰਸੀਪਲ ਬ੍ਰਿਜਿੰਦਰਾ ਕਾਲਜ ਰਾਜੇਸ਼ ਕੁਮਾਰ ਹਾਜ਼ਰ ਸਨ।